ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੂਨ
ਯੂਟੀ ਦੇ ਸਰਕਾਰੀ ਤੇ ਏਡਿਡ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ 8 ਜੂਨ ਤੱਕ ਹਨ ਪਰ ਛੁੱਟੀਆਂ ਦੌਰਾਨ ਹੀ ਅੱਜ ਤੋਂ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀ ਆਨਲਾਈਨ ਕਲਾਸ ਸ਼ੁਰੂ ਹੋ ਗਈ ਹੈ। ਇਨ੍ਹਾਂ ਜਮਾਤਾਂ ਨੂੰ ਸ਼ੁਰੂ ਕਰਨ ਦਾ ਫੈਸਲਾ ਯੂਟੀ ਦੇ ਸਿੱਖਿਆ ਵਿਭਾਗ ਨੇ ਅਚਾਨਕ ਲਿਆ ਹੈ ਤੇ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੀਨਾ ਕਾਲੀਆ ਨੇ ਸਕੂਲ ਮੁਖੀਆਂ ਨੂੰ 31 ਮਈ ਦੀ ਰਾਤ ਵੇਲੇ ਸੰਦੇਸ਼ ਦਿੱਤਾ ਜਿਨ੍ਹਾਂ ਅੱਗੇ ਵਿਦਿਆਰਥੀਆਂ ਨੂੰ ਉਸੇ ਵੇਲੇ ਪੁੱਜਦਾ ਕੀਤਾ ਪਰ ਸੰਦੇਸ਼ ਦੇਰ ਨਾਲ ਪੁੱਜਣ ਕਾਰਨ ਵੱਡੀ ਗਿਣਤੀ ਵਿਦਿਆਰਥੀ ਅੱਜ ਦੀ ਆਨਲਾਈਨ ਜਮਾਤ ਵਿੱਚੋਂ ਗੈਰਹਾਜ਼ਰ ਰਹੇ। ਇਥੋਂ ਦੇ ਸਰਕਾਰੀ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ 10 ਮਈ ਤੋਂ ਹੋਈਆਂ ਸਨ ਪਰ ਵਿਦਿਆਰਥੀਆਂ ਦੀ ਆਖਰੀ ਜਮਾਤ 7 ਮਈ ਨੂੰ ਹੀ ਲੱਗੀ ਸੀ। ਸਕੱਤਰੇਤ ਤੋਂ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ 32 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ। ਵਿਦਿਆਰਥੀਆਂ ਨੂੰ ਅੱਜ ਜਮਾਤਾਂ ਸਵੇਰੇ ਨੌਂ ਵਜੇ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਪਰ ਵਿਦਿਆਰਥੀ ਨਾ ਹੋਣ ਕਾਰਨ ਜਮਾਤਾਂ ਸਵੇਰੇ ਦਸ ਵਜੇ ਹੀ ਸ਼ੁਰੂ ਹੋ ਸਕੀਆਂ। ਸੈਕਟਰ-19 ਦੇ ਵਿਦਿਆਰਥੀ ਨੇ ਦੱਸਿਆ ਕਿ ਉਸ ਕੋਲ ਆਪਣਾ ਫੋਨ ਨਹੀਂ ਹੈ ਤੇ ਉਹ ਆਪਣੇ ਪਿਤਾ ਦੇ ਫੋਨ ਤੋਂ ਹੀ ਆਨਲਾਈਨ ਜਮਾਤਾਂ ਲਾਉਂਦਾ ਹੈ ਪਰ ਅੱਜ ਕਲਾਸਾਂ ਸ਼ੁਰੂ ਹੋਣ ਦਾ ਮੈਸੇਜ ਲੇਟ ਆਇਆ ਜਿਸ ਨੂੰ ਉਸ ਨੇ ਦੁਪਹਿਰ ਵੇਲੇ ਦੇਖਿਆ, ਉਸ ਨੇ ਮੰਗ ਕੀਤੀ ਹੈ ਕਿ ਵਿਭਾਗ ਨੂੰ ਅਜਿਹੇ ਜ਼ਰੂਰੀ ਸੰਦੇਸ਼ ਸਮੇਂ ਸਿਰ ਦੇਣੇ ਚਾਹੀਦੇ ਹਨ।
ਦੱਖਣੀ ਹਿੱਸੇ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਮੰਨਿਆ ਕਿ ਜਮਾਤਾਂ ਸ਼ੁਰੂ ਕਰਨ ਦਾ ਸੰਦੇਸ਼ ਦੇਰੀ ਨਾਲ ਜਾਰੀ ਕੀਤਾ ਗਿਆ ਜਿਸ ਕਾਰਨ ਪਹਿਲੇ ਦਿਨ ਹਾਜ਼ਰੀ ਘੱਟ ਰਹੀ।
ਨਤੀਜਾ ਸੁਧਾਰਨ ਲਈ ਪਹਿਲਕਦਮੀ
ਇਹ ਵੀ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਬੋਰਡ ਜਮਾਤਾਂ ’ਚ ਨਤੀਜਾ ਸੁਧਾਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਕਾਰਨ ਬੋਰਡ ਦੀਆਂ ਜਮਾਤਾਂ ਇਕਦਮ ਸ਼ੁਰੂ ਹੋ ਗਈਆਂ ਹਨ। ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਰਿਪੋਰਟ ਸਕੂਲ ਮੁਖੀਆਂ ਤੋਂ ਬਾਅਦ ਕਲੱਸਟਰ ਹੈਡਜ਼ ਨੂੰ ਵੀ ਦਿੱਤੀ ਜਾਵੇ।