ਕੁਲਦੀਪ ਸਿੰਘ
ਚੰਡੀਗੜ੍ਹ, 18 ਅਗਸਤ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵਿਦਿਆਰਥੀਆਂ ਲਈ ਖੋਲ੍ਹਣ ਅਤੇ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ’ਵਰਸਿਟੀ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਜੋ ਕਿ ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਹੋ ਕੇ ਕੈਂਪਸ ਵਿੱਚੋਂ ਹੁੰਦਾ ਹੋਇਆ ਵੀਸੀ ਪ੍ਰੋ. ਰਾਜ ਕੁਮਾਰ ਦੀ ਰਿਹਾਇਸ਼ ’ਤੇ ਪਹੁੰਚ ਕੇ ਸਮਾਪਤ ਹੋਇਆ। ਵੀਸੀ ਦੀ ਰਿਹਾਇਸ਼ ਕੋਲ ਪੁਲੀਸ ਵੱਲੋਂ ਪਹਿਲਾਂ ਹੀ ਲਗਾਏ ਗਏ ਬੈਰੀਕੇਡਾਂ ਕਰ ਕੇ ਵਿਦਿਆਰਥੀਆਂ ਨੇ ਸੜਕ ’ਤੇ ਬੈਠ ਕੇ ਧਰਨਾ ਦਿੱਤਾ ਅਤੇ ਉਪ ਕੁਲਪਤੀ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਰੋਸ ਮਾਰਚ ਵਿਚ ਵਿਦਿਆਰਥੀ ਜਥੇਬੰਦੀ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਐੱਨਐੱਸਯੂਆਈ, ਐੱਸਓਆਈ, ਸੋਪੂ, ਪੀਐੱਸਯੂ (ਲਲਕਾਰ), ਸੱਥ, ਐੱਸਐੱਫਐੱਸ, ਆਈਸਾ, ਪੁਸੂ, ਯੂਥ ਫਾਰ ਸਵਰਾਜ, ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਦੇ ਕਾਰਕੁਨ ਦਿਨ-ਰਾਤ ਦੇ ਧਰਨੇ ’ਤੇ ਬੈਠੇ। ਰਵਿੰਦਰ ਸਿੰਘ ਧਾਲੀਵਾਲ ਵੱਲੋਂ ਸਾਂਝੇ ਤੌਰ ’ਤੇ ਕੱਢੇ ਗਏ।
ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਆਗੂਆਂ ਸਮੇਤ ਉਕਤ ਬੁੱਧੀਜੀਵੀਆਂ, ਸੈਨੇਟਰਾਂ, ਕਲਾਕਾਰਾਂ, ਅਧਿਆਪਕ ਆਗੂਆਂ ਆਦਿ ਨੇ ਕਿਹਾ ਕਿ ਵਾਈਸ ਚਾਂਸਲਰ ਆਰਐੱਸਐੱਸ ਅਤੇ ਭਾਜਪਾ ਦੇ ਏਜੰਡਿਆਂ ਨੂੰ ਪੀਯੂ ਵਿੱਚ ਲਾਗੂ ਕਰਦੇ ਹੋਏ ਜਾਣਬੁੱਝ ਕੇ ਸੈਨੇਟ ਚੋਣਾਂ ਕਰਵਾਉਣ ਵਿੱਚ ਅੜਿੱਕੇ ਡਾਹ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਆਪਣੀਆਂ ਕਠਪੁਤਲੀਆਂ ਰਾਹੀਂ ਪੀਯੂ ਵਰਗੀਆਂ ਸੰਸਥਾਵਾਂ ’ਤੇ ਲਗਾਤਾਰ ਹਮਲੇ ਕਰ ਰਹੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਇਕ ਸੁਰ ਵਿਚ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀਆਂ ਚੋਣਾਂ ਕਰਵਾਉਣ ਅਤੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਖੁੱਲ੍ਹਵਾਉਣ ਲਈ ਰੂਪਰੇਖਾ ਤਿਆਰ ਕਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਹਰ ਹਾਲਤ ਵਿੱਚ ਇਹ ਚੋਣਾਂ ਕਰਵਾਈਆਂ ਜਾਣਗੀਆਂ।
ਰੋਸ ਮਾਰਚ ਵਿੱਚ ਹੋਰਨਾਂ ਤੋਂ ੲਪੀਐੱਸਯੂ (ਲਲਕਾਰ) ਤੋਂ ਅਮਨਦੀਪ, ਐੱਸਐੱਫਐੱਸ ਤੋਂ ਸੰਦੀਪ, ਵਰਿੰਦਰ, ਗਗਨ ਆਦਿ ਨੇ ਨਾਅਰੇ ਲਗਾ ਕੇ ਜੋਸ਼ ਭਰਿਆ।
ਗਮਲੇ ਚੁੱਕ ਕੇ ਪਾਸੇ ਕੀਤੇ
ਰੋਸ ਮਾਰਚ ਸ਼ੁਰੂ ਹੋਣ ਮੌਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪ੍ਰਬੰਧਕੀ ਬਲਾਕ ਤੋਂ ਵੀ.ਸੀ. ਦਫ਼ਤਰ ਨੂੰ ਜਾਂਦੀ ਸੜਕ ’ਤੇ ਰਸਤਾ ਬੰਦ ਕਰਨ ਲਈ ਰੱਖੇ ਗਮਲੇ ਚੁੱਕ ਕੇ ਲਾਂਭੇ ਕੀਤੇ ਤੇ ਮਾਰਚ ਉਸੇ ਸੜਕ ਤੋਂ ਲੰਘਿਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਹੁਣ ਉਨ੍ਹਾਂ ਦੇ ਰਸਤੇ ਵਿੱਚ ਲਗਾਏ ਜਾਣ ਵਾਲੇ ਅਜਿਹੇ ਅੜਿੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਪੀਯੂ ਦੇ ਮੈਦਾਨ ਵੀ ਵਿਦਿਆਰਥੀਆਂ ਲਈ ਖੋਲ੍ਹੇ ਜਾਣ ਤੇ ਆਫ਼ਲਾਈਨ ਪੜ੍ਹਾਈ ਸ਼ੁਰੂ ਕਰਵਾਈ ਜਾਵੇ।
ਬੁੱਧੀਜੀਵੀਆਂ, ਅਧਿਆਪਕਾਂ, ਕਿਸਾਨਾਂ ਤੇ ਕਲਾਕਾਰਾਂ ਨੇ ਮਾਰਚ ’ਚ ਕੀਤੀ ਸ਼ਿਰਕਤ
ਮਾਰਚ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਤੋਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਪਿਆਰੇ ਲਾਲ ਗਰਗ, ਪ੍ਰੋ. ਰਾਬਿੰਦਰਨਾਥ ਸ਼ਰਮਾ, ਐੱਮਐਲਏ ਧੂਰੀ ਦਲਵੀਰ ਸਿੰਘ ਗੋਲਡੀ, ਮਾਲਵਿੰਦਰ ਸਿੰਘ ਕੰਗ, ਪੰਜਾਬੀ ਅਦਾਕਾਰ ਅਮਿਤੋਜ਼ ਮਾਨ, ਅਦਾਕਾਰਾ ਸੋਨੀਆ ਮਾਨ, ਪ੍ਰੋ. ਮਨਜੀਤ ਸਿੰਘ, ਸਮਾਜ ਸੇਵੀ ਲੱਖਾ ਸਿਧਾਣਾ, ਡੀਪੀਐੱਸ ਰੰਧਾਵਾ, ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ, ਨੌਜਵਾਨ ਭਾਰਤ ਸਭਾ ਤੋਂ ਮਾਨਵਜੋਤ, ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਤੋਂ ਪ੍ਰੋ. ਜਗਵੰਤ, ਵਿਦਿਆਰਥੀ ਕੌਂਸਲ ਦੀ ਸਾਬਕਾ ਪ੍ਰਧਾਨ ਕਨੂਪ੍ਰਿਯਾ, ਸਾਬਕਾ ਸੈਨੇਟਰਾਂ, ਸਾਬਕਾ ਵਿਦਿਆਰਥੀਆਂ, ਕਿਸਾਨਾਂ ਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਗਾਇਕ ਕੰਵਰ ਗਰੇਵਾਲ, ਗਾਇਕ ਹਰਫ਼ ਚੀਮਾ ਨੇ ਵੀ ਪਹੁੰਚ ਕੇ ਰੋਸ ਮਾਰਚ ਨੂੰ ਸਮਰਥਨ ਦਿੱਤਾ।