ਕੁਲਦੀਪ ਸਿੰਘ
ਚੰਡੀਗੜ੍ਹ, 9 ਸਤੰਬਰ
ਚੰਡੀਗੜ੍ਹ ਦੇ ਸੈਕਟਰ 7, 26 ਅਤੇ ਕਿਸ਼ਨਗੜ੍ਹ ਵਿਖੇ ਚੱਲ ਰਹੇ ਬੀਅਰ ਬਾਰਾਂ, ਡਿਸਕੋ ਕਲੱਬਾਂ ਅਤੇ ਰੈਸਟੋਰੈਂਟਾਂ ਉਤੇ ਯੂ.ਟੀ. ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਐਸ.ਡੀ.ਐਮ. (ਪੂਰਬੀ) ਨਿਤੀਸ਼ ਸਿੰਗਲਾ ਵੱਲੋਂ ਇਨ੍ਹਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਆਵਾਜ਼ ਪ੍ਰਦੂਸ਼ਣ, ਹੁੱਕੇ ’ਤੇ ਪਾਬੰਦੀ, 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸ਼ਰਾਬ ਪਰੋਸਣ, ਫਾਇਰ ਸੇਫ਼ਟੀ ਯੰਤਰ ਪੂਰੇ ਰੱਖਣ ਅਤੇ ਬਾਰਾਂ/ਕਲੱਬਾਂ ਤੇ ਰੈਸਟੋਰੇਟਾਂ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀ ਜਾਂਚ ਸਮੇਤ ਕਈ ਪਹਿਲੂਆਂ ਉਤੇ ਚਰਚਾ ਕੀਤੀ ਗਈ। ਨਿਤੀਸ਼ ਸਿੰਗਲਾ ਨੇ ਇਲਾਕਾ ਐਸ.ਐਚ.ਓਜ਼ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਅਵਾਜ਼ ਦੇ ਪੱਧਰ ਤੋਂ ਵੱਧ ਆਵਾਜ਼ ਵਿੱਚ ਸੰਗੀਤ ਵਜਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਵਪਾਰਕ ਖੇਤਰਾਂ ਵਿੱਚ ਸੰਗੀਤ ਵਜਾਉਣ ਲਈ ਮਨਜ਼ੂਰ ਹੱਦ ਦਿਨ ਦੇ ਸਮੇਂ 65 ਡੈਸੀਬਲ ਅਤੇ ਰਾਤ ਦੇ ਸਮੇਂ 55 ਡੈਸੀਬਲ ਹੈ, ਜਦੋਂ ਕਿ ਰਿਹਾਇਸ਼ੀ ਖੇਤਰਾਂ ਵਿੱਚ ਇਹ ਹੱਦ ਦਿਨ ਅਤੇ ਰਾਤ ਦੇ ਸਮੇਂ ਕ੍ਰਮਵਾਰ 55 ਅਤੇ 45 ਡੈਸੀਬਲ ਹੈ। ਮੀਟਿੰਗ ਵਿੱਚ ਸੈਕਟਰ 7 ਅਤੇ 26 ਦੇ ਵਸਨੀਕਾਂ ਵੱਲੋਂ ਸੰਗੀਤ ਦੀ ਉੱਚੀ ਅਵਾਜ਼ ਸਬੰਧੀ ਮਿਲੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਲਈ ਐਸ.ਡੀ.ਐਮ. ਵੱਲੋਂ ਜਿੱਥੇ ਪੁਲੀਸ ਨੂੰ ਹਦਾਇਤਾਂ ਕੀਤੀਆਂ ਗਈਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਵੀ ਕੀਤੀ ਗਈ। ਸ਼ਹਿਰ ਵਿਚਲੇ ਰੈਸਟੋਰੈਂਟਾਂ, ਕਲੱਬਾਂ ਤੇ ਹੋਰ ਥਾਵਾਂ ਉਤੇ ਹੁੱਕਾ ਪਰੋਸਣ ਦੀ ਪਹਿਲਾਂ ਤੋਂ ਹੀ ਲਗਾਈ ਹੋਈ ਪਾਬੰਦੀ ਨੂੰ ਦੁਹਰਾਉਂਦਿਆਂ ਨਿਤੀਸ਼ ਸਿੰਗਲਾ ਨੇ ਕਿਹਾ ਕਿ ਹੁੱਕਾ ਪਰੋਸਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਫੜੇ ਜਾਣ ’ਤੇ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਉਕਤ ਸੈਕਟਰਾਂ ਦੇ ਵਸਨੀਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਕਈ ਕਲੱਬ/ਰੈਸਟੋਰੈਂਟਾਂ ਤੇ ਬਾਰ ਮਾਲਿਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।