ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 4 ਸਤੰਬਰ
ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਲਗਪਗ ਇਕ ਸਾਲ ਬਾਅਦ ਮੁੜ ਇਨ੍ਹਾਂ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਦੀ ਨਸਬੰਦੀ ਨੂੰ ਲੈਕੇ ਪ੍ਰਾਈਵੇਟ ਕੰਪਨੀ ਨਾਲ ਕੀਤਾ ਸਮਝੌਤਾ ਖਤਮ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਨਵੇਂ ਸਿਰੇ ਤੋਂ ਕੋਈ ਸਮਝੌਤਾ ਨਹੀਂ ਕੀਤਾ ਗਿਆ। ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਦੀ ਨਸਬੰਦੀ ਲਈ ਨਗਰ ਨਿਗਮ ਪਿਛਲੇ ਸਾਲ ਪ੍ਰਤੀ ਕੁੱਤੇ ਲਈ 1097 ਰੁਪਏ ਦਾ ਭੁਗਤਾਨ ਕਰ ਰਿਹਾ ਸੀ।
ਸਮਝੌਤੇ ਅਨੁਸਾਰ ਕੁੱਤੇ ਨੂੰ ਫੜਨ ਤੋਂ ਲੈਕੇ ਨਸਬੰਦੀ ਕਰਨ ਤੋਂ ਬਾਅਦ ਵਾਪਸ ਪੁਰਾਣੀ ਥਾਂ ਤੱਕ ਛੱਡਣ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਸੀ। ਨਿਗਮ ਸੂਤਰਾਂ ਅਨੁਸਾਰ ਸ਼ਹਿਰ ਵਿੱਚ ਕੁੱਤਿਆਂ ਦੀ ਨਸਬੰਦੀ ਲਈ ਬੀਤੇ ਸਾਲ ਵੀ ਟੈਂਡਰ ਕੱਢੇ ਸਨ ਪਰ ਕੋਈ ਵੀ ਕੰਪਨੀ ਤੇ ਸੰਸਥਾ ਅੱਗੇ ਨਹੀਂ ਆਈ ਸੀ। ਹੁਣ ਚੌਥੀ ਬਾਰ ਕੱਢੇ ਗਏ ਟੈਂਡਰਾਂ ਨੂੰ ਲੈ ਕੇ ਚਾਰ ਬੋਲੀਦਾਤਾ ਅੱਗੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਘੱਟ ਰਾਸ਼ੀ ਵਸੂਲਣ ਵਾਲੀ ਕੰਪਨੀ ਦੀ ਫਾਈਲ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਭੇਜੀ ਜਾ ਚੁੱਕੀ ਹੈ ਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਲਾਵਾਰਿਸ ਕੁੱਤਿਆਂ ਦੀ ਨਸਬੰਦੀ ਦਾ ਕੰਮ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ।