ਅਤਰ ਸਿੰਘ
ਡੇਰਾਬੱਸੀ, 12 ਜੁਲਾਈ
ਡੇਰਾਬੱਸੀ ਤਹਸੀਲ ਵਿੱਚ ਬੈਠੇ ਕੁਝ ਸਟੈਂਪ ਪੇਪਰ ਵਿਕਰੇਤਾ ਆਮ ਜਨਤਾ ਤੋਂ ਨਿਰਧਾਰਤ ਮੁੱਲ ਤੋਂ ਵੱਧ ਕੀਮਤ ਤੇ ਅਸ਼ਟਾਮ ਵੇਚ ਕੇ ਕਾਨੂੰਨ ਦੀਆਂ ਧੱਜਿਆਂ ਉਡਾ ਰਹੇ ਹਨ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਡੇਰਾਬੱਸੀ ਤਹਿਸੀਲ ’ਚ ਬੈਠੇ ਇਕ ਸਟੈਂਪ ਪੇਪਰ ਵਿਕਰੇਤਾ ਤੋਂ ਜਦੋਂ 3500 ਰੁਪਏ ਦੇ ਸਟੈਂਪ ਪੇਪਰ ਮੰਗੇ ਤਾਂ ਉਨ੍ਹਾਂ ਤੋਂ ਵਿਕਰੇਤਾ ਨੇ 3700 ਰੁਪਏ ਲਏ। ਜਦੋਂ ਉਸ ਤੋਂ ਪੁੱਛਿਆ ਕਿ 200 ਰੁਪਏ ਵੱਧ ਕਿਉਂ ਮੰਗ ਰਿਹਾ ਹੈ ਤਾਂ ਉੱਤਰ ਮਿਲਿਆ ਕਿ ‘ਸਾਨੂੰ ਬਚਦਾ ਕੀ ਹੈ।’ ਇਕ ਹੋਰ ਸਥਾਨਕ ਵਾਸੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਕਈਂ ਵਾਰ ਲੋੜੀਂਦੇ ਸਟੈਂਪ ਪੇਪਰ ਵਿਕਰੇਤਾਵਾਂ ਕੋਲ ਨਹੀਂ ਹੁੰਦੇ ਤਾਂ ਵੀ ਪ੍ਰੇਸ਼ਾਨੀ ਹੂੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਉਸ ਨੂੰ 100 ਰੁਪਏ ਦਾ ਸਟੈਂਪ ਪੇਪਰ ਚਾਹੀਦਾ ਸੀ ਪਰ ਡੇਰਾਬੱਸੀ ਤਹਿਸੀਲ ਵਿੱਚ ਬੈਠੇ ਵਿਕਰੇਤਾਵਾਂ ਕੋਲ ਨਹੀਂ ਮਿਲਿਆ ਤਾਂ 500 ਰੁਪਏ ਦਾ ਸਟੈਂਪ ਪੇਪਰ ਮਜਬੂਰੀ ਵਿੱਚ ਖਰੀਦਣਾ ਪਿਆ। ਇਸ ਤਰ੍ਹਾਂ ਹਰ ਰੋਜ਼ ਆਮ ਜਨਤਾ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਇਸ ਤੋਂ ਇਲਾਵਾ ਹੋਰ ਕੰਮਾਂ ਲਈ ਵੀ ਸਟੈਂਪ ਪੇਪਰਾਂ ਦੀ ਲੋੜ ਪੈਂਦੀ ਹੈ ਜਿਸ ਵਿੱਚ ਲੋਕਾਂ ਨੂੰ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ। ਇਸ ਸਬੰਧ ਵਿੱਚ ਜਦੋਂ ਏਡੀਸੀ ਮੁਹਾਲੀ ਆਸ਼ਿਕਾ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਇਲਾਕੇ ’ਚ ਕੋਈ ਵੀ ਸਟੈਂਪ ਵਿਕਰੇਤਾ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਤੇ ਸਟੈਂਪ ਪੇਪਰ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।