ਪੀ.ਪੀ. ਵਰਮਾ
ਪੰਚਕੂਲਾ, 12 ਮਾਰਚ
ਇਥੋਂ ਦੇ ਯਵਨਿਕਾ ਪਾਰਕ ਵਿੱਚ ਅੱਜ ਤੋਂ ਦੋ ਰੋਜ਼ਾ ਬਸੰਤ ਮੇਲਾ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਅਤੇ ਵਾਤਾਵਰਣ ਸੰਭਾਲ ਲਈ ਅਜਿਹੇ ਮੇਲੇ ਲੱਗਣੇ ਜ਼ਰੂਰੀ ਹਨ। ਇਹ ਮੇਲਾ ਸ਼ਹਿਰੀ ਵਿਕਾਸ ਅਥਾਰਿਟੀ ਹੁੱਡਾ ਵੱਲੋਂ ਲਗਾਇਆ ਗਿਆ। ਮੇਲੇ ਦੌਰਾਨ ਪੰਜਾਬੀ ਅਤੇ ਹਰਿਆਣਵੀ ਨ੍ਰਿਤ ਪੇਸ਼ ਕੀਤੇ ਗਏ। ਬਾਜ਼ੀਗਰਾਂ ਨੇ ਹੈਰਾਨੀਜਨਕ ਕਰਤੱਬ ਵਿਖਾ ਕੇ ਲੋਕਾਂ ਦਾ ਮਨੋਰੰਜਨ ਕੀਤਾ।
ਮੇਲੇ ਦੇ ਅੱਜ ਪਹਿਲੇ ਦਿਨ ਹੁੱਡਾ ਦੇ ਕਮਿਸ਼ਨਰ ਦਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ। ਮੇਲੇ ਵਿੱਚ ਸਕੂਲਾਂ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕਈ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਦੇ ਟੈਟੂ ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰੀਤੇਕਸ਼ ਧੀਮਾਨ ਤੇ ਦੂਜਾ ਇਨਾਮ ਅਗਰੀਮਾ ਸਿੰਘ ਤੇ ਇਕ ਹੋਰ ਇਨਾਮ ਸੰਪੀਤਾ ਨੂੰ ਜਿੱਤਿਆ। ਇਸੇ ਤਰ੍ਹਾਂ 10 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਵਿੱਚ ਅਕਸ਼ਿਤਾ ਨੇ ਪਹਿਲਾ ਇਨਾਮ ਜਿੱਤਿਆ ਤੇ ਅਗਨੀ ਗੁਪਤਾ ਤੇ ਸਹਿਜ ਗੋਇਲ ਦੂਜੇ ਨੰਬਰ ’ਤੇ ਰਹੇ। ਮੇਲੇ ਦੌਰਾਨ ਬ੍ਰਿਟਿਸ਼ ਸਕੂਲ, ਪੰਚਕੂਲਾ ਨੇ ਪੰਜ ਇਨਾਮ ਪ੍ਰਾਪਤ ਕੀਤੇ। ਹੁੱਡਾ ਦੀ ਐਕਸੀਅਨ ਨਿਧੀ ਭਾਰਦਵਾਜ ਨੇ ਮਹਿਮਾਨਾਂ ਦਾ ਸਵਾਗਤ ਕੀਤਾ।