ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਨੌਵੀਂ ਜਮਾਤ ਵਿਚ ਮੁੜ ਫੇਲ੍ਹ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਨਵੰਬਰ ਦੇ ਦੂਜੇ ਹਫਤੇ ਤੋਂ ਵਿਸ਼ੇਸ਼ ਜਮਾਤਾਂ ਲਾਈਆਂ ਜਾਣਗੀਆਂ ਜਿਸ ਲਈ ਹੁਕਮ ਅਗਲੇ ਹਫਤੇ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਈ ਵਾਰ ਮੌਕੇ ਦਿੱਤੇ ਗਏ ਸਨ ਪਰ ਹਰ ਵਾਰ ਵਿਦਿਆਰਥੀਆਂ ਨੇ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਨਹੀਂ ਲਿਆਂਦਾ।
ਨੌਵੀਂ ਜਮਾਤ ਵਿਚ ਚਾਰ ਹਜ਼ਾਰ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਸੀ ਤੇ ਇਨ੍ਹਾਂ ਨੂੰ ਪਹਿਲਾਂ ਮਾਰਚ ਵਿਚ 30 ਗਰੇਸ ਅੰਕ ਵੀ ਦਿੱਤੇ ਗਏ ਸਨ। ਇਸ ਦੇ ਬਾਵਜੂਦ ਇਹ ਵਿਦਿਆਰਥੀ ਪਾਸ ਨਹੀਂ ਹੋਏ। ਇਨ੍ਹਾਂ ਦੀ ਅਕਤੂਬਰ ਵਿਚ ਦੁਬਾਰਾ ਪ੍ਰੀਖਿਆ ਲਈ ਗਈ ਜਿਨ੍ਹਾਂ ਵਿਚੋਂ 3200 ਦੇ ਕਰੀਬ ਵਿਦਿਆਰਥੀ ਫੇਰ ਫੇਲ੍ਹ ਹੋ ਗਏ। ਇਸ ਕਰ ਕੇ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਮੁੜ ਉਸੀ ਜਮਾਤ ਵਿਚ ਰੱਖਿਆ ਜਾਵੇਗਾ ਤਾਂ ਕਿ ਦਸਵੀਂ ਜਮਾਤ ਦੇ ਨਤੀਜੇ ਪ੍ਰਭਾਵਿਤ ਨਾ ਹੋਣ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਕਾਰਨ ਪਹਿਲਾਂ ਹੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਇਸ ਕਰਕੇ ਪ੍ਰਿੰਸੀਪਲਾਂ ਨੂੰ ਹੁਕਮ ਜਾਰੀ ਕਰਕੇ ਹੋਰ ਵੀ ਕਮਜ਼ੋਰ ਵਿਦਿਆਰਥੀਆਂ ਦੀਆਂ ਸੂਚੀਆਂ ਮੰਗੀਆਂ ਜਾਣਗੀਆਂ ਤੇ ਇਨ੍ਹਾਂ ਲਈ ਅਧਿਆਪਕ ਵਿਸ਼ੇਸ਼ ਆਨਲਾਈਨ ਜਮਾਤਾਂ ਲਾਉਣਗੇ। ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਤੋਂ ਵੀ ਫੀਡਬੈਕ ਲਈ ਜਾਵੇਗੀ ਕਿ ਉਨ੍ਹਾਂ ਨੂੰ ਪੜ੍ਹਾਈ ਵਿਚ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਮੁੜ ਫੇਲ੍ਹ ਹੋਏ ਵਿਦਿਆਰਥੀਆਂ ਵਿਚ ਜ਼ਿਆਦਾਤਰ ਪੈਰੀਫੇਰੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬਜ ਨੇ ਦੱਸਿਆ ਕਿ ਵਿਭਾਗ ਵਲੋਂ ਪੜ੍ਹਾਈ ਦੇ ਨਾਲ ਹੀ ਹਰ ਸਹੂਲਤਾਂ ਦੇਣ ਦੇ ਬਾਵਜੂਦ ਬੱਚਿਆਂ ਨੂੰ ਇਹ ਡਰ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਅੱਠਵੀਂ ਜਮਾਤ ਤਕ ਕੋਈ ਫੇਲ੍ਹ ਨਹੀਂ ਕਰੇਗਾ ਜਿਸ ਕਰ ਕੇ ਨੌਵੀਂ ਤੇ ਦਸਵੀਂ ਦੇ ਨਤੀਜੇ ਪ੍ਰਭਾਵਿਤ ਹੁੰਦੇ ਹਨ।
ਗਿਆਰ੍ਹਵੀਂ ਜਮਾਤ ਦੀਆਂ ਸੀਟਾਂ ਵਧਾਉਣ ਦੀ ਯੋਜਨਾ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਹਾਲੇ ਵੀ 1300 ਦੇ ਕਰੀਬ ਵਿਦਿਆਰਥੀ ਰਹਿ ਗਏ ਹਨ। ਵਿਭਾਗ ਨੇ ਇਸ ਤੋਂ ਪਹਿਲਾਂ ਦੋ ਕਾਊਂਸਿੰਗਾਂ ਜ਼ਰੀਏ ਸਕੂਲਾਂ ਵਿਚ ਦਾਖਲੇ ਕੀਤੇ ਸਨ ਪਰ ਇੰਨੀ ਵੱਡੀ ਗਿਣਤੀ ਵਿਦਿਆਰਥੀਆਂ ਦੇ ਦਾਖਲਿਆ ਤੋਂ ਰਹਿ ਜਾਣ ਕਾਰਨ ਵਿਭਾਗ ਵਲੋਂ ਇਕ ਹੋਰ ਕਾਊਂਸਲਿੰਗ ਕਰਵਾਈ ਜਾਵੇਗੀ। ਇਸ ਵੇਲੇ ਸਰਕਾਰੀ ਸਕੂਲਾਂ ਵਿਚ ਆਰਟਸ, ਵਿਗਿਆਨ, ਕਾਮਰਸ ਤੇ ਵੋਕੇਸ਼ਨਲ ਕੋਰਸਾਂ ਲਈ 12,835 ਸੀਟਾਂ ਹਨ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਦਾਖਲਿਆਂ ਤੋਂ ਰਹਿ ਗਏ ਵਿਦਿਆਰਥੀਆਂ ਲਈ ਇਕ ਹਜ਼ਾਰ ਸੀਟਾਂ ਵਧਾਉਣ ਦੀ ਯੋਜਨਾ ਹੈ ਜਿਸ ਬਾਰੇ ਨਵੰਬਰ ਦੇ ਪਹਿਲੇ ਹਫਤੇ ਫੈਸਲਾ ਕੀਤਾ ਜਾਵੇਗਾ।