ਪੀ.ਪੀ. ਵਰਮਾ
ਪੰਚਕੂਲਾ, 13 ਜੁਲਾਈ
ਇੱਥੇ ਅੱਜ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਘਰ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਆਈ 27 ਸਾਲਾਂ ਦੀ ਵ੍ਹੀਲਚੇਅਰ ਮਾਡਲ ਸੌਮਿਆ ਠਾਕੁਰ ਨੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਪੀਕਰ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਵ੍ਹੀਲਚੇਅਰ ਵਰਲਡ ਇੰਡੀਆ 2022 ਦਾ ਫਾਈਨਲ ਮੁਕਾਬਲਾ ਜਿੱਤਣ ਵਾਸਤੇ ਸਪਾਂਸਰਸ਼ਿਪ, ਹਵਾਈ ਯਾਤਰਾ, ਲੌਜਿਸਟਿਕ ਅਤੇ ਹੋਰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ। ਇਹ ਫਾਈਨਲ ਮੁਕਾਬਲਾ ਮੈਕਸੀਕੋ ਵਿੱਚ ਹੋਵੇਗਾ। ਸੌਮਿਆ ਮਿਸ ਵ੍ਹੀਲਚੇਅਰ ਵਰਲਡ 2022 ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ ਜੋ ਕਿ ਪੰਚਕੂਲਾ ਦੇ ਨਾਲ-ਨਾਲ ਹਰਿਆਣਾ ਲਈ ਵੀ ਮਾਣ ਵਾਲੀ ਗੱਲ ਹੈ। ਬਚਪਨ ਤੋਂ ਹੀ ਲੋਕੋ ਮੋਟਰ ਡਿਸਏਬਿਲਿਟੀ ਤੋਂ ਪੀੜਤ ਸੌਮਿਆ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਆਤਮ ਵਿਸ਼ਵਾਸ ਦੇ ਬਲ ’ਤੇ ਕਈ ਮੀਲ ਪੱਥਰ ਹਾਸਲ ਕੀਤੇ। ਇਸ ਬਿਮਾਰੀ ਕਾਰਨ ਸੋਮਿਆ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਹਨ, ਜਿਸ ਕਾਰਨ ਉਹ ਆਪਣੇ ਸਰੀਰ ਦਾ ਭਾਰ ਝੱਲਣ ਤੋਂ ਅਸਮਰੱਥ ਹੈ ਅਤੇ ਵ੍ਹੀਲ ਚੇਅਰ ਦਾ ਸਹਾਰਾ ਲੈਣ ਲਈ ਮਜਬੂਰ ਹੈ ਪਰ ਇਸ ਅਪੰਗਤਾ ਨੂੰ ਨਜ਼ਰਅੰਦਾਜ਼ ਕਰਦਿਆਂ ਸੌਮਿਆ ਨੇ ਆਪਣਾ ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦਾ ਬਣਾਈ ਰੱਖਿਆ| ਇਸ ਦੌਰਾਨ ਸਪੀਕਰ ਸ੍ਰੀ ਗੁਪਤਾ ਨੇ ਕਿਹਾ ਕਿ ਸੋਮਿਆ ਅਜਿਹੀਆਂ ਹੋਰ ਧੀਆਂ ਲਈ ਰੋਲ ਮਾਡਲ ਬਣ ਗਈ ਹੈ ਜਿਨ੍ਹਾਂ ਨੂੰ ਹਮਦਰਦੀ ਨਹੀਂ ਸਗੋਂ ਅੱਗੇ ਵਧਣ ਦੇ ਮੌਕੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿੱਥੇ ਵਿਸ਼ੇਸ਼ ਲੋੜਾਂ ਵਾਲੀਆਂ ਸਾਡੀਆਂ ਭੈਣਾਂ ਅਤੇ ਧੀਆਂ ਨੇ ਦੇਸ਼-ਵਿਦੇਸ਼ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸੋਮਿਆ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਸ ਦੀ ਹਰ ਸੰਭਵ ਮਦਦ ਕਰਨਗੇ ਤਾਂ ਜੋ ਉਹ ਭਾਰਤ ਦੇ ਨਾਲ-ਨਾਲ ਹਰਿਆਣਾ ਅਤੇ ਪੰਚਕੂਲਾ ਦਾ ਵਿਸ਼ਵ ਭਰ ਵਿੱਚ ਨਾਮ ਰੌਸ਼ਨ ਕਰ ਸਕੇ।