ਹਰਜੀਤ ਸਿੰਘ
ਜ਼ੀਰਕਪੁਰ, 14 ਜਨਵਰੀ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹੁਣ ਸਥਾਨਕ ਲੋਕਾਂ ਨੇ ਇਸ ਸ਼ਹਿਰ ਵਿੱਚ ਭਾਜਪਾ ਦੇ ਨਗਰ ਕੌਂਸਲ ਚੋਣਾਂ ਸਬੰਧੀ ਚੋਣ ਪ੍ਰਚਾਰ ਲਈ ਲਾਏ ਬੈਨਰਾਂ, ਪੋਸਟਰਾਂ ਅਤੇ ਹੋਰਡਿੰਗਾਂ ’ਤੇ ਕਾਲਖ ਮਲ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਸਾਰੇ ਪੋਸਟਰਾਂ ’ਤੇ ਕਾਲਖ ਮਲ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਿੜ ਮਘਣੀ ਸ਼ੁਰੂ ਹੋ ਗਈ ਹੈ ਜਿਸ ਵਿੱਚ ਸਾਰੀ ਪਾਰਟੀਆਂ ਉੱਤਰ ਚੁੱਕੀਆਂ ਹਨ। ਭਾਜਪਾ ਦੇ ਉਮੀਦਵਾਰਾਂ ਵੱਲੋਂ ਵੀ ਸ਼ਹਿਰ ਵਿੱਚ ਆਪਣੇ ਆਪਣੇ ਸੰਭਾਵੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਭਾਵੀ ਉਮੀਦਵਾਰਾਂ ਵੱਲੋਂ ਵੀ ਆਪਣੇ ਆਪਣੇ ਵਾਰਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾਲ ਲਾ ਕੇ ਥਾਂ ਥਾਂ ’ਤੇ ਬੈਨਰ ਅਤੇ ਪੋਸਟਰ ਲਾ ਦਿੱਤੇ ਹਨ ਪਰ ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਸ਼ਹਿਰ ਵਾਸੀਆਂ ਦਾ ਰੋਸ ਵਧਦਾ ਜਾ ਰਿਹਾ ਹੈ।
ਇੱਥੋਂ ਦੇ ਢਕੋਲੀ ਖੇਤਰ ਵਿੱਚ ਭਾਜਪਾ ਦੀ ਸੰਭਾਵੀ ਉਮੀਦਵਾਰ ਨੀਤੂ ਖੁਰਾਣਾ ਦੇ ਹੋਰਡਿੰਗ ’ਤੇ ਲੱਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਤੂ ਖੁਰਾਣਾ ਦੀ ਫੋਟੋ ’ਤੇ ਕਾਲਖ ਮਲ ਦਿੱਤੀ ਹੈ। ਇੰਨਾ ਹੀ ਨਹੀਂ ਪੋਸਟਰ ’ਤੇ ਕਿਸਾਨਾਂ ਦੇ ਹੱਕ ਵਿੱਚ ਸਲੋਗਨ ‘ਨੋ ਫਾਰਮਰ ਨੋ ਫੂਡ’ ਵੀ ਲਿਖਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਭਾਜਪਾ ਦੇ ਪੋਸਟਰਾਂ, ਬੈਨਰਾਂ ਅਤੇ ਹੋਰਡਿੰਗਾਂ ’ਤੇ ਕਾਲਖ ਮਲਣ ਦੀ ਸੂਚਨਾ ਮਿਲ ਰਹੀ ਹੈ। ਇਸ ਬਾਰੇ ਗੱਲ ਕਰਨ ’ਤੇ ਭਾਜਪਾ ਵੱਲੋਂ ਜ਼ੀਰਕਪੁਰ ਦੇ ਚੋਣ ਪ੍ਰਚਾਰ ਦੇ ਇੰਚਾਰਜ ਗੁਰਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਪਾਰਟੀ ਅਤੇ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਸਰਕਾਰ ਦੀ ਪ੍ਰਾਪਤੀਆਂ ਅਤੇ ਨੀਤੀਆਂ ਦੇ ਮੁੱਦੇ ’ਤੇ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹਰੇਕ ਆਗੂ ਅਤੇ ਵਰਕਰ ਚਾਹੁੰਦਾ ਹੈ ਕਿ ਕਿਸਾਨੀ ਮਸਲੇ ਦਾ ਛੇਤੀ ਹੱਲ ਨਿਕਲੇ।