ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 4 ਜਨਵਰੀ
ਉਪ ਮੁੱਖ ਮੰਤਰੀ (ਸਿਹਤ) ਓਪੀ ਸੋਨੀ ਨੇ ਅੱਜ ਸ਼ਾਮ ਇੱਥੋਂ ਦੇ ਫੇਜ਼-3ਬੀ1 ਸਥਿਤ 30 ਬਿਸਤਰਿਆਂ ਦੇ ਨਵੇਂ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਓਪੀ ਸੋਨੀ ਨੇ ਕਿਹਾ ਕਿ ਮੁੱਢਲਾ ਸਿਹਤ ਕੇਂਦਰ ਨੂੰ ਅਪਗਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਫੇਜ਼-6 ਅਤੇ ਉਸਾਰੀ ਅਧੀਨ ਮੈਡੀਕਲ ਕਾਲਜ ਸ਼ਹਿਰ ਦੇ ਇਕ ਪਾਸੇ ਪੈਂਦਾ ਸੀ, ਜਿਸ ਕਾਰਨ ਬਜ਼ੁਰਗਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਉਂਦੀ ਸੀ, ਜਦੋਂਕਿ ਫੇਜ਼-3ਬੀ1 ਸ਼ਹਿਰ ਦਾ ਕੇਂਦਰ ਬਿੰਦੂ ਹੈ। ਇਸ ਸੀਐੱਚਸੀ ਵਿੱਚ ਓਪੀਡੀ ਸ਼ੁਰੂ ਹੋ ਚੁੱਕੀ ਹੈ। ਡਾਇਗਨੌਸਨਿਕ ਸੈਂਟਰ ਵਿੱਚ ਅਤਿਆਧੁਨਿਕ ਅਪਰੇਸ਼ਨ ਥੀਏਟਰ ਸਥਾਪਤ ਕੀਤਾ ਗਿਆ ਹੈ।
ਓਪੀ ਸੋਨੀ ਨੇ ਕਿਹਾ ਕਿ ਭਾਰਤ ਵਿੱਚ ਕੇਂਦਰ ਸਰਕਾਰ ਵੱਲੋਂ 6 ਅਤਿਆਧੁਨਿਕ ਲੈਬਾਰਟਰੀਆਂ ਦਾ ਨਿਰਮਾਣ ਕੀਤਾ ਜਾਣਾ ਹੈ। ਜਿਨ੍ਹਾਂ ’ਚੋਂ ਇੱਕ ਲੈਬ ਮੁਹਾਲੀ ਵਿੱਚ ਬਣਾਈ ਜਾ ਰਹੀ ਹੈ। ਇਸ ਦੇ ਬਣਨ ਨਾਲ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਲਈ ਪੂਨੇ ਨਹੀਂ ਜਾਣਾ ਪਵੇਗਾ। ਮੁਹਾਲੀ ਵਿਖੇ ਬਣਨ ਜਾ ਰਹੇ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ।
ਇਸ ਮੌਕੇ ਡੀਸੀ ਈਸ਼ਾ ਕਾਲੀਆ, ਐੱਸਐੱਸਪੀ ਨਵਜੋਤ ਸਿੰਘ ਮਾਹਲ, ਮੇਅਰ ਅਮਰਜੀਤ ਸਿੰਘ ਸਿੱਧੂ, ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮਡੀ ਭੁਪਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਆਦਿ ਹਾਜ਼ਰ ਸਨ।