ਹਰਜੀਤ ਸਿੰਘ
ਜ਼ੀਰਕਪੁਰ, 16 ਅਗਸਤ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਇਨ੍ਹਾਂ ਉੱਪਰ ਔਰਤਾਂ ਨੂੰ ਨਚਾ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਨੂੰ ਸੇਠੀ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ। ਦੂਜੇ ਪਾਸੇ ਪੁਲੀਸ ਇਸ ਮਾਮਲੇ ਵਿੱਚ ਨਾਮਜ਼ਦ ਰੇਡੀਓ ਜੌਕੀ ਮੀਨਾਕਸ਼ੀ ਦੀ ਭਾਲ ਵਿੱਚ ਛਾਪੇ ਮਾਰ ਰਹੀ ਹੈ ਜੋ ਅਜੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ। ਪੁਲੀਸ ਨੇ ਇਸ ਸਬੰਧ ਵਿੱਚ ਮੁਲਜ਼ਮ ਸੋਨੂੰ ਸੇਠੀ ਨਾਲ ਨੱਚਣ ਵਾਲੀ ਰੇਡੀਓ ਜੌਕੀ ਮੀਨਾਕਸ਼ੀ ਅਤੇ ਰੇਨਬੋ ਕਲੱਬ ਦੀ ਜੋਤੀ ਸਹਿਗਲ ਸਣੇ ਚਾਰ ਔਰਤਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ।
ਥਾਣਾ ਜ਼ੀਰਕਪੁਰ ਦੇ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਵੱਲੋਂ ਬੁੱਧਵਾਰ ਨੂੰ ਆਪਣੇ ਢਾਬੇ ਵਿੱਚ ਤੀਆਂ ਸਬੰਧੀ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਰੇਡੀਓ ਜੌਕੀ ਮੀਨਾਕਸ਼ੀ ਤੇ ਜੋਤੀ ਸਹਿਗਲ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਸੋਨੂੰ ਸੇਠੀ ਨੇ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋਏ ਢੋਲ ਦੀ ਥਾਪ ’ਤੇ ਗਾ ਕੇ ਔਰਤਾਂ ਨੂੰ ਨਚਾਉਂਦੇ ਹੋਏ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਸੋਨੂੰ ਸੇਠੀ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਧਾਰਮਿਕ ਜਥੇਬੰਦੀਆਂ ਨੇ ਸਖ਼ਤ ਵਿਰੋਧ ਕਰਦਿਆਂ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੇ ਜਾਣ ਮਗਰੋਂ ਸੋਨੂੰ ਸੇਠੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਪੁਲੀਸ ਰਿਮਾਂਡ ਦੌਰਾਨ ਸੋਨੂੰ ਸੇਠੀ ਤੋਂ ਇਸ ਸਮਾਗਮ ਵਿੱਚ ਨੱਚਣ ਵਾਲੇ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਇਕੱਤਰ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।