ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 14 ਅਗਸਤ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀਆਂ ਤੁਕਾਂ ’ਤੇ ਔਰਤਾਂ ਨੂੰ ਨਚਾ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਪੁਲੀਸ ਨੇ ਲੰਘੇ ਦਿਨੀਂ ਕੇਸ ਦਰਜ ਕਰਨ ਮਗਰੋਂ ਅੱਜ ਸੇਠੀ ਢਾਬੇ ਦੇ ਮਾਲਕ ਵਿਜੈ ਕੁਮਾਰ ਉਰਫ਼ ਸੋਨੂੰ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਇਸ ਸਬੰਧ ਵਿੱਚ ਮੁਲਜ਼ਮ ਸੋਨੂੰ ਸੇਠੀ ਨਾਲ ਨੱਚਣ ਵਾਲੀ ਰੇਡੀਓ ਜੌਕੀ ਮੀਨਾਕਸ਼ੀ ਅਤੇ ਰੇਨਬੋ ਕਲੱਬ ਦੀ ਜੋਤੀ ਸਹਿਗਲ ਸਣੇ ਚਾਰ ਔਰਤਾਂ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਪੁਲੀਸ ਵੱਲੋਂ ਅੱਜ ਸੋਨੂੰ ਸੇਠੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਥਾਣਾ ਜ਼ੀਰਕਪੁਰ ਦੇ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਵੱਲੋਂ ਬੁੱਧਵਾਰ ਨੂੰ ਆਪਣੇ ਢਾਬੇ ਵਿਚ ਤੀਆਂ ਦਾ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਰੇਡੀਓ ਜੌਕੀ ਮੀਨਾਕਸ਼ੀ, ਜੋਤੀ ਸਹਿਗਲ ਸਮੇਤ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਸੋਨੂੰ ਸੇਠੀ ਨੇ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋਏ ਢੋਲ ਦੀ ਥਾਪ ’ਤੇ ਗਾ ਕੇ ਔਰਤਾਂ ਨੂੰ ਨਚਾਉਂਦੇ ਹੋਏ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਸੋਨੂੰ ਸੇਠੀ ਵੱਲੋਂ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਧਾਰਮਿਕ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਰਦਿਆਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੇ ਜਾਣ ਮਗਰੋਂ ਸੋਨੂੰ ਸੇਠੀ ਖ਼ਿਲਾਫ਼ ਲੰਘੀ ਦੇਰ ਸ਼ਾਮ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਥਾਣਾ ਮੁਖੀ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਚਾਰ ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਰਿਮਾਂਡ ਦੌਰਾਨ ਸੋਨੂੰ ਸੇਠੀ ਤੋਂ ਸਮਾਗਮ ’ਚ ਨੱਚਣ ਵਾਲੇ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਂਝ, ਇਸ ਮਾਮਲੇ ਵਿੱਚ ਸੋਨੂੰ ਸੇਠੀ ਨੇ ਆਪਣੀ ਗਲਤੀ ਦਾ ਅਹਿਸਾਸ ਹੋਣ ਮਗਰੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਸੀ।