ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 22 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਬਜ਼ੁਰਗ ਆਗੂਆਂ ਨੂੰ ਸਿਆਸਤ ਛੱਡ ਕੇ ਘਰ ਬੈਠਣ ਦੀ ਸਲਾਹ ਦਿੱਤੀ ਹੈ। ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਅਜੀਬੋ-ਗਰੀਬ ਹਲਚਲ ਪੈਦਾ ਹੋ ਗਈ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸੇਵਾਮੁਕਤ ਆਈਏਐੱਸ ਕੈਪਟਨ ਟੀਪੀਐੱਸ ਸਿੱਧੂ ਨੇ 70 ਸਾਲ ਤੋਂ ਵੱਧ ਉਮਰ ਦੇ ਸਿਆਸਤਦਾਨਾਂ ਨੂੰ ਹੁਣ ਸਿਆਸਤ ਛੱਡ ਕੇ ਘਰ ਬੈਠਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਇਹ ਸਲਾਹ ਉਨ੍ਹਾਂ ਦੇ ਸਹੁਰਾ ਸੁਖਦੇਵ ਢੀਂਡਸਾ ’ਤੇ ਵੀ ਲਾਗੂ ਹੁੰਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਨਹੀਂ ਕਰ ਸਕਦੀਆਂ।
ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਤੋਂ ਬਾਅਦ ਕੈਪਟਨ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ ਮਰਜੀਵੜਿਆਂ ਦੀ ਪਾਰਟੀ ਹੁੰਦੀ ਸੀ ਪਰ ਕੁਝ ਆਗੂਆਂ ਦੇ ਜੋਕ ਵਾਂਗ ਚਿੰਬੜ ਕੇ ਬੈਠਣ ਨਾਲ ਅਕਾਲੀ ਦਲ ਹੁਣ ‘ਖਾਲੀ ਦਲ’ ਬਣ ਕੇ ਰਹਿ ਗਿਆ ਹੈ। ਹਾਸੋਹੀਣੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਹੁਣ ਜਿਨ੍ਹਾਂ ਆਗੂਆਂ ਦੇ ਮੋਢਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਲਗਪਗ 60-70 ਸਾਲ ਸੱਤਾ ਹੰਢਾ ਚੁੱਕੇ ਹਨ ਅਤੇ ਕੁਝ ਆਗੂ ਅਜਿਹੇ ਹਨ, ਜੋ ਬਿਨਾਂ ਜ਼ਮੀਰ ਤੋਂ ਤੁਰੀਆ ਫਿਰਦੀਆਂ ਲੋਥਾਂ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਇਸ ਸਥਿਤੀ ਦਾ ਮੁੱਖ ਕਾਰਨ ਹੀ ਇਹ ਆਗੂ ਹਨ, ਜੋ ਪਾਰਟੀ ਨੂੰ ਆਪਣੀ ਨਿੱਜੀ ਜਾਗੀਰ ਸਮਝ ਕੇ ਬੈਠੇ ਹਨ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਮੇਜਰ ਸਿੰਘ, ਜਥੇਦਾਰ ਸੁਰਿੰਦਰ ਸਿੰਘ ਕਲੇਰ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਬਲਜੀਤ ਸਿੰਘ ਜਗਤਪੁਰਾ, ਗੁਰਮੇਲ ਸਿੰਘ ਮੌਜੇਵਾਲ, ਬੀਬੀ ਅਮਰਜੀਤ ਕੌਰ, ਸੰਤੋਖ ਸਿੰਘ ਸੰਧੂ, ਹਰਦੇਵ ਸਿੰਘ ਬਾਠ, ਹਰਜਿੰਦਰ ਸਿੰਘ ਗਿੱਲ, ਬੀਬੀ ਹਰਜੀਤ ਕੌਰ, ਬੀਬੀ ਅੰਜਲੀ ਸ਼ਰਮਾ, ਬੀਬੀ ਹਰਸਿਮਲਪ੍ਰੀਤ ਕੌਰ ਅਤੇ ਪ੍ਰਦੀਪ ਕੁਮਾਰ ਮੌਜੂਦ ਸਨ।