ਕਰਮਜੀਤ ਸਿੰਘ ਚਿੱਲਾ
ਬਨੂੜ, 11 ਜੂਨ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਸਨੇਟਾ ਅਤੇ ਰਾਏਪੁਰ ਕਲਾਂ ਵਿਚਾਲੇ ਛੋਟੇ ਹਾਥੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਸਿੱਧੀ ਟੱਕਰ ਵਿੱਚ ਮੋਟਰਸਾਈਕਲ ਚਾਲਕ ਫੌਜੀ ਜਵਾਨ ਅਤੇ ਉਸ ਦੇ ਸਾਲੇ ਦੇ ਪੁੱਤਰ ਦੀ ਮੌਤ ਹੋ ਗਈ। ਥਾਣਾ ਸਨੇਟਾ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਦੇਰ ਰਾਤ ਹੋਇਆ। ਚਾਲੀ ਸਾਲਾ ਫੌਜੀ ਸੁਨੀਲ ਕੁਮਾਰ ਬਿਹਾਰ ਦਾ ਰਹਿਣ ਵਾਲਾ ਸੀ ਤੇ ਉਹ ਜੰਮੂ-ਕਸ਼ਮੀਰ ਦੇ ਨਗਰੋਟਾ ਖੇਤਰ ਵਿੱਚ ਤਾਇਨਾਤ ਸੀ। ਉਹ ਬਦਲੀ ਉਪਰੰਤ ਮੋਟਰਸਾਈਕਲ ਉੱਤੇ ਮੇਰਠ ਜਾ ਰਿਹਾ ਸੀ। ਉਸ ਨਾਲ ਉਸ ਦੇ ਸਾਲੇ ਦਾ ਸਤਾਰਾਂ ਸਾਲਾ ਪੁੱਤਰ ਗੋਲੂ ਵੀ ਸੀ ਜਦਕਿ ਪਰਿਵਾਰ ਦੇ ਹੋਰ ਜੀਅ ਸਾਮਾਨ ਵਾਲੇ ਟਰੱਕ ਵਿੱਚ ਸਨ। ਚੌਕੀ ਇੰਚਾਰਜ ਨੇ ਦੱਸਿਆ ਕਿ ਸਨੇਟਾ ਤੋਂ ਜਾ ਰਹੇ ਛੋਟੇ ਹਾਥੀ ਨਾਲ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਫੌਜੀ ਸੁਨੀਲ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ।
ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਫਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਬੀਤੀ ਰਾਤ ਆਏ ਮੀਂਹ ਤੇ ਝੱਖੜ ਕਾਰਨ ਹੋਏ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਰਹਿੰਦ ਨੇੜਲੇ ਪਿੰਡ ਮੀਰਪੁਰ ਦਾ 23 ਸਾਲਾ ਨੌਜਵਾਨ ਗੁਲਸ਼ਨ ਸਿੰਘ ਮੋਟਰਸਾਈਕਲ ’ਤੇ ਪਿੰਡ ਸਾਨੀਪਰ ਕੋਲੋਂ ਲੰਘ ਰਿਹਾ ਸੀ ਜਿਸ ਦਾ ਮੋਟਰਸਾਈਕਲ ਹਨੇਰ੍ਹੇ ’ਚ ਝੱਖੜ ਕਾਰਨ ਸੜਕ ’ਤੇ ਡਿੱਗੇ ਦਰੱਖਤ ਨਾਲ ਜਾ ਟਕਰਾਇਆ ਜਿਸ ਕਾਰਨ ਉਕਤ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਰਹਿੰਦ ਦੀ ਸਬ-ਇੰਸਪੈਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਚ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਦੋ ਹਾਦਸਿਆਂ ਵਿਚ ਦੋ ਮਜ਼ਦੂਰਾਂ ਦੀ ਮੌਤ਼
ਅੰਬਾਲਾ (ਰਤਨ ਸਿੰਘ ਢਿੱਲੋਂ): ਇਥੇ ਛਾਉਣੀ ਖੇਤਰ ਵਿਚ ਵਾਪਰੇ ਦੋ ਹਾਦਸਿਆਂ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਥੋਂ ਦੀ 12 ਕਰਾਸ ਰੋਡ ਨੇੜੇ ਸੀਵਰੇਜ ਨਿਰਮਾਣ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਬਿਜਨੌਰ ਨਿਵਾਸੀ ਮਜ਼ਦੂਰ ਯੋਗੇਸ਼ ਦੀ ਮੌਤ ਹੋ ਗਈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਉਸ ਨੂੰ ਲੱਕੜ ਦੀ ਕਟਾਈ ਦਾ ਕੰਮ ਕਰਦੇ ਸਮੇਂ ਕਰੰਟ ਲੱਗ ਗਿਆ ਸੀ।
ਇਸੇ ਤਰ੍ਹਾਂ ਛਾਉਣੀ ਦੀ ਰੇਸ ਕੋਰਸ ਰੋਡ ਖੇਤਰ ਵਿਚ ਬੇਸਮੈਂਟ ਵਿਚੋਂ ਪਾਣੀ ਕੱਢਦੇ ਸਮੇਂ 25 ਸਾਲਾ ਯਮੁਨਾਨਗਰ ਨਿਵਾਸੀ ਬਲਵਿੰਦਰ ਬੇਸਮੈਂਟ ਵਿਚ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਉਹ ਬੇਸਮੈਂਟ ਵਿਚੋਂ ਪਾਣੀ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਅੰਦਰ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।