ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਮਈ
ਇੱਥੋਂ ਦੇ 89 ਸਰਕਾਰੀ ਸਕੂਲਾਂ ਵਿੱਚ ਸਮਾਰਟ ਇੰਟਰੈਕਟਿਵ ਟੀਵੀ ਲਾਏ ਜਾਣਗੇ। ਇਹ ਟੀਵੀ ਐਂਡਰਾਇਡ ਮੋਬਾਈਲ ਨਾਲ ਲਿੰਕ ਹੋਣਗੇ ਤੇ ਕੋਈ ਵੀ ਅਧਿਆਪਕ ਆਪਣੇ ਮੋਬਾਈਲ ਵਿੱਚ ਐਪ ਡਾਊਨਲੋਡ ਕਰ ਕੇ ਵਿਦਿਆਰਥੀਆਂ ਦੇ ਰੂਬਰੂ ਹੋ ਸਕੇਗਾ। ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਵੀ ਸਮਾਰਟ ਕਲਾਸਰੂਮ ਬਣੇ ਹੋਏ ਹਨ ਪਰ ਇਹ ਪ੍ਰਾਜੈਕਟ ਪਹਿਲੇ ਪ੍ਰਾਜੈਕਟ ਨਾਲੋਂ ਵਿਲੱਖਣ ਹੋਵੇਗਾ। ਵਿਭਾਗ ਦੇ 89 ਸਕੂਲਾਂ ਵਿੱਚੋਂ ਹਰ ਸਕੂਲ ਵਿੱਚ ਦੋ-ਦੋ ਸਮਾਰਟ ਟੀਵੀ ਲਾਉਣ ਦੀ ਯੋਜਨਾ ਹੈ ਪਰ ਪਹਿਲੇ ਪੜਾਅ ਹੇਠ ਹਰ ਸਕੂਲ ਵਿੱਚ ਇੱਕ ਹੀ ਸਮਾਰਟ ਕਲਾਸਰੂਮ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਵਿਭਾਗ ਨੇ ਨਵੀਂ ਦਿੱਲੀ ਦੀ ਬਰਾਈਓ ਇੰਟਰੈਕਟਿਵ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੂੰ ਠੇਕਾ ਦਿੱਤਾ ਹੈ। ਇਸ ਪ੍ਰਾਜੈਕਟ ’ਤੇ ਲਗਪਗ 90 ਲੱਖ਼ ਰੁਪਏ ਦੀ ਲਾਗਤ ਆਵੇਗੀ ਤੇ ਇਹ ਟੀਵੀ ਮਈ ਦੇ ਆਖ਼ਰੀ ਹਫ਼ਤੇ ਤੱਕ ਸਾਰੇ ਸਰਕਾਰੀ ਸਕੂਲਾਂ ’ਚ ਲਾ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਪਹਿਲਾਂ ਵਾਲੇ ਸਮਾਰਟ ਕਲਾਸਰੂਮ ਵਿੱਚ ਸਿਰਫ਼ ਕੰਪਿਊਟਰ ਤੇ ਪ੍ਰਾਜੈਕਟਰ ਲਾਇਆ ਜਾਂਦਾ ਸੀ ਤੇ ਇਹ ਇੰਟਰੈਕਟਿਵ ਨਹੀਂ ਹੁੰਦੇ ਸਨ ਪਰ ਹੁਣ 65 ਇੰਚ ਦਾ ਸਮਾਰਟ ਟੀਵੀ ਲਾਇਆ ਜਾਵੇਗਾ। ਪਹਿਲਾਂ ਵਾਲਾ ਪ੍ਰਾਜੈਕਟ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਹ ਸਮਾਰਟ ਟੀਵੀ ਸਮੱਗਰ ਸਿੱਖਿਆ ਵਿਭਾਗ ਵੱਲੋਂ ਲਾਏ ਜਾਣਗੇ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਟੀਵੀ ਬਰਾਇਓ ਕੰਪਨੀ ਦੇ ਹੋਣਗੇ ਜਿਸ ਵਿੱਚ ਆਈ 5 ਪ੍ਰਾਸੈਸਰ, 8 ਜੀਬੀ ਰੈਮ ਤੇ 256 ਜੀਬੀ ਦੀ ਹਾਰਡ ਡਿਸਕ ਹੋਵੇਗੀ। ਇਹ ਟੀਵੀ ਐਂਡਰਾਇਡ ਅਪਰੇਟਿੰਗ ਸਿਸਟਮ ਨਾਲ ਲੈਸ ਹੋਣਗੇ। ਇਸ ਸਮਾਰਟ ਟੀਵੀ ਨਾਲ ਕੰਪਨੀ ਵੱਲੋਂ ਸਾਫਟਵੇਅਰ ਵੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਇੰਟਰੈਕਟਿਵ ਸਿੱਖਿਆ ਦੇਣਗੇ।
ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਤੋਂ ਵੇਰਵੇ ਮੰਗੇ
ਸਿੱਖਿਆ ਵਿਭਾਗ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਪਣੇ ਸਕੂਲ ਵਿੱਚ ਇੱਕ ਸਮਾਰਟਰੂਮ ਬਣਾਉਣ ਦੀ ਨਿਸ਼ਾਨਦੇਹੀ ਕਰਨ ਤੇ ਸਕੂਲਾਂ ਵਿੱਚ ਵਾਈਫਾਈ ਤੇ ਇੰਟਰਨੈੱਟ ਹੋਣਾ ਯਕੀਨੀ ਬਣਾਉਣ। ਇਸ ਸਬੰਧੀ ਸਾਰੀ ਰਿਪੋਰਟ ਤੇ ਵੇਰਵੇ ਪ੍ਰਾਜੈਕਟ ਕੋਆਰਡੀਨੇਟਰ ਨੂੰ ਭੇਜੇ ਜਾਣ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਸਕੂਲਾਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 90 ਲੱਖ ਕਰੀਬ ਰਾਸ਼ੀ ਖਰਚ ਹੋਈ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਪੁੱਛਿਆ ਗਿਆ ਹੈ ਕਿ ਉਹ ਸਮਾਰਟਰੂਮ ਰਾਹੀਂ ਕਿਹੜੇ-ਕਿਹੜੇ ਵਿਸ਼ਿਆਂ ਦੀ ਸਿੱਖਿਆ ਦੇਣਗੇ।