ਮਿਹਰ ਸਿੰਘ
ਕੁਰਾਲੀ, 29 ਮਈ
ਪਿੰਡ ਬੱਲਮਗੜ੍ਹ ਮੰਦਵਾੜਾ ਵਿੱਚ ਰਹਿ ਰਹੇ ਅੱਧੀ ਦਰਜਨ ਪਰਿਵਾਰਾਂ ਦੀਆਂ ਝੁੱਗੀਆਂ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਏ। ਇਸ ਕਾਰਨ ਪੀੜਤ ਪਰਿਵਾਰਾਂ ਦਾ ਲੱਖਾਂ ਦਾ ਨੁਕਸਾਨ ਹੋਣ ਤੋਂ ਇਲਾਵਾ ਚਾਰ ਜਣੇ ਜ਼ਖ਼ਮੀ ਹੋ ਗਏ ਜਦਕਿ ਕੁਝ ਪਸ਼ੂ ਅਤੇ ਟੈਂਪੂ ਵੀ ਅੱਗ ਦੀ ਭੇਟ ਚੜ੍ਹ ਗਏ।
ਜਾਣਕਾਰੀ ਅਨੁਸਾਰ ਪਿੰਡ ਦੇ ਬਾਹਰਵਾਰ 30 ਸਾਲਾਂ ਤੋਂ ਸਬਜ਼ੀਆਂ ਦੀ ਪੈਦਾਵਾਰ ਕਰ ਕੇ ਪਰਿਵਾਰ ਪਾਲਣ ਵਾਲੇ ਇੱਕ ਭਾਈਚਾਰੇ ਦੀਆਂ ਅੱਧੀ ਦਰਜਨ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਪੀੜਤ ਪਰਿਵਾਰਾਂ ਦੇ ਮੈਂਬਰਾਂ ਸ਼ਾਕਿਰ ਅਲੀ, ਜਾਸੀਨ ਖਾਂ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਸਾਰੇ ਕਿਸੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗਏ ਹੋਏ ਸਨ ਕਿ ਪਿੱਛੋਂ ਉਨ੍ਹਾਂ ਦੇ ਘਰ ਅੱਗ ਦੀ ਲਪੇਟ ਵਿੱਚ ਆ ਗਏ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਝੁੱਗੀਆਂ ਵਿੱਚ ਪਈ ਨਕਦੀ, ਕਣਕ, ਰਾਸ਼ਨ ਦਾ ਸਾਰਾ ਸਾਮਾਨ, ਗਹਿਣੇ, ਕੱਪੜੇ, ਮੰਜੇ ਅਤੇ ਤੂੜੀ ਤੋਂ ਇਲਾਵਾ ਘਰ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਸੜ ਗਿਆ। ਬਚਾਅ ਦੀ ਕੋਸ਼ਿਸ਼ ਕਰਦਿਆਂ ਨਾਜ਼ਰੀਨ, ਮਹਬਿੂਬ, ਸ਼ਵੀਨਾ ਅਤੇ ਨਸਾਰ ਅਲੀ ਵੀ ਝੁਲਸੇ ਗਏ। ਇਸ ਘਟਨਾ ਦੌਰਾਨ ਇੱਕ ਮੱਝ, ਛੇ ਬੱਕਰੀਆਂ ਅਤੇ ਸਬਜ਼ੀਆਂ ਦੀ ਸਪਲਾਈ ਕਰਨ ਵਾਲਾ ਤਿੰਨ ਪਹੀਆ ਟੈਂਪੂ ਵੀ ਅੱਗ ਦੀ ਭੇਟ ਚੜ੍ਹ ਗਿਆ।
ਸ਼ਾਕਿਰ ਅਲੀ ਤੇ ਹੋਰਨਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਪੀੜਤ ਪਰਿਵਾਰਾਂ ਕੋਲ ਖਾਣ, ਪਹਿਨਣ ਤੇ ਵਰਤਣ ਲਈ ਕੁਝ ਵੀ ਨਹੀਂ ਰਿਹਾ। ਉਨ੍ਹਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੁਆਵਜ਼ੇ ਤੇ ਮਦਦ ਦੀ ਮੰਗ ਕੀਤੀ ਹੈ। ਅੱਗ ਲੱਗਣ ਦੀ ਘਟਨਾ ਦੀ ਖ਼ਬਰ ਸੁਣ ਕੇ ਜੱਟ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਘਟਨਾ ਵਾਲੇ ਸਥਾਨ ’ਤੇ ਪੁੱਜੇ। ਉਨ੍ਹਾਂ ਪੀੜਤ ਪਰਿਵਾਰਾਂ ਨੂੰ 31 ਹਜ਼ਾਰ ਰੁਪਏ ਦੀ ਮਾਲੀ ਮਦਦ ਤੋਂ ਇਲਾਵਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀੜਤ ਪਰਿਵਾਰਾਂ ਨੂੰ 15 ਕੁਇੰਟਲ ਕਣਕ ਅਤੇ ਪਹਿਣਨ ਲਈ ਕੱਪੜਿਆਂ ਦੀਆਂ 10 ਪੰਡਾਂ ਵੀ ਸੌਂਪੀਆਂ। ਇਸ ਮੌਕੇ ਪੁੱਜੇ ਪਤਵੰਤਿਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਪਰਿਵਾਰਾਂ ਲਈ ਮਦਦ ਦੀ ਮੰਗ ਕੀਤੀ ਹੈ।