ਆਤਿਸ਼ ਗੁਪਤਾ
ਚੰਡੀਗੜ੍ਹ, 10 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੀਆਂ ਲੀਜ਼ਹੋਲਡ ਪ੍ਰਾਪਰਟੀਆਂ ਦੀ ਨਿਲਾਮੀ ਨੂੰ ਲੋਕਾਂ ਦਾ ਮੱਠਾ ਹੁੰਗਾਰਾ ਮਿਲ ਰਿਹਾ ਹੈ। ਲੋਕ ਰਿਹਾਇਸ਼ੀ ਅਤੇ ਵਪਾਰਕ ਪ੍ਰਾਪਰਟੀਆਂ ਨੂੰ ਖਰੀਦਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਬੋਰਡ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਲੋਕਾਂ ਨੂੰ ਇਸ ਵੱਲ ਆਕਰਸ਼ਿਤ ਕਰਨ ਵਿੱਚ ਸਫ਼ਲ ਨਹੀਂ ਹੋ ਸਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਐੱਚਬੀ ਵੱਲੋਂ ਪਿਛਲੇ ਡੇਢ ਸਾਲ ਵਿੱਚ ਲੀਜ਼ਹੋਲਡ ਪ੍ਰਾਪਰਟੀਆਂ ਨੂੰ ਵੇਚਣ ਲਈ 8 ਵਾਰ ਨਿਲਾਮੀ ਕੀਤੀ ਗਈ ਪਰ ਹਰ ਵਾਰ ਹੁੰਗਾਰਾ ਮੱਠਾ ਹੀ ਰਿਹਾ ਹੈ। ਇਸ ਦੌਰਾਨ ਬੋਰਡ ਉਦਯੋਗਿਕ ਖੇਤਰ ਦੀਆਂ 44 ਅਤੇ ਰਿਹਾਇਸ਼ੀ ਖੇਤਰ ਦੀਆਂ 16 ਪ੍ਰਾਪਰਟੀਆਂ ਹੀ ਵੇਚ ਸਕਿਆ ਹੈ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਦਾ ਲੀਜ਼ਹੋਲਡ ਪ੍ਰਾਪਰਟੀਆਂ ਦੀ ਖਰੀਦਦਾਰੀ ਵੱਲ ਕੋਈ ਰੁਝਾਨ ਨਜ਼ਰ ਨਹੀਂ ਆ ਰਿਹਾ।
ਗੌਰਤਲਬ ਹੈ ਕਿ ਬੋਰਡ ਨੇ 1 ਜੁਲਾਈ 2021 ਨੂੰ ਉਦਯੋਗਿਤ ਖੇਤਰ ਦੀਆਂ 156 ਲੀਜ਼ਹੋਲਡ ਪ੍ਰਾਪਰਟੀਆਂ ਦੀ ਨਿਲਾਮੀ ਰੱਖੀ ਸੀ, ਪਰ ਸਿਰਫ਼ 9 ਪ੍ਰਾਪਰਟੀ ਹੀ ਵਿੱਕ ਸਕੀਆਂ। ਉਸ ਤੋਂ ਬਾਅਦ ਬੋਰਡ ਨੇ ਅਗਸਤ 2021 ਵਿੱਚ 3, ਸਤੰਬਰ 2021 ਵਿੱਚ 2, ਅਕਤੂਬਰ 2021 ਵਿੱਚ 19, ਦਸੰਬਰ 2021 ਵਿੱਚ 5, ਫਰਵਰੀ 2022 ਵਿੱਚ 3 ਅਤੇ ਸਤੰਬਰ 2022 ਵਿੱਚ 3 ਪ੍ਰਾਪਰਟੀਆਂ ਨਿਲਾਮ ਕੀਤੀਆਂ। ਇਸੇ ਤਰ੍ਹਾਂ ਬੋਰਡ ਰਿਹਾਇਸ਼ੀ ਖੇਤਰ ਵਿੱਚ ਜੁਲਾਈ 2021 ਵਿੱਚ 2, ਅਗਸਤ 2021 ਵਿੱਚ 5, ਸਤੰਬਰ 2021 ’ਚ 2, ਅਕਤੂਬਰ 2021 ’ਚ 4, ਦਸੰਬਰ 2021 ’ਚ 3 ਲੀਜ਼ਹੋਲਡ ਪ੍ਰਾਪਰਟੀ ਹੀ ਨਿਲਾਮ ਕਰ ਸਕਿਆ। ਜਨਵਰੀ ਤੇ ਫਰਵਰੀ 2022 ਵਿੱਚ ਉੁਹ ਕੋਈ ਵੀ ਪ੍ਰਾਪਰਟੀ ਨਿਲਾਮ ਕਰਨ ਵਿੱਚ ਕਾਮਯਾਬ ਨਹੀਂ ਹੋਇਆ। ਬੋਰਡ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਕਈ ਵਾਰ ਯੂਟੀ ਪ੍ਰਸ਼ਾਸਨ ਤੋਂ ਲੀਜ਼ਹੋਲਡ ਪ੍ਰਾਪਰਟੀਆਂ ਨੂੰ ਫਰੀਹੋਲਡ ਕਰਨ ਦੀ ਮੰਗ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਦੱਸਣਯੋਗ ਹੈ ਕਿ ਪ੍ਰਸ਼ਾਸਕ ਨੇ ਵੀ ਪਿਛਲੇ ਦਿਨੀ ਸ਼ਹਿਰ ਦੀਆਂ ਲੀਜ਼ਹੋਲਡ ਪ੍ਰਾਪਰਟੀਆਂ ਨੂੰ ਫਰੀਹੋਲਡ ਕਰਨ ਦੀ ਹਮਾਇਤ ਕੀਤੀ ਸੀ। ਉਸ ਦੇ ਬਾਵਜੂਦ ਬੋਰਡ ਦੀਆਂ ਪ੍ਰਾਪਰਟੀਆਂ ਨੂੰ ਲੀਜ਼ਹੋਲਡ ਤੋਂ ਫਰੀਹੋਲਡ ਕਰਨ ਦੀ ਪ੍ਰਵਾਨਗੀ ਨਹੀਂ ਮਿਲ ਰਹੀ।
‘ਕੁਲੈਕਟਰ ਰੇਟ ਵੱਧ ਹੋਣ ਕਾਰਨ ਨਹੀਂ ਮਿਲ ਰਹੇ ਗਾਹਕ’
ਪ੍ਰਾਪਰਟੀ ਫੈਡਰੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ ਨੇ ਕਿਹਾ ਕਿ ਚੰਡੀਗੜ੍ਹ ਹਾਉਸਿੰਗ ਬੋਰਡ ਦੀਆਂ ਨਿਲਾਮੀਆਂ ਪਿਛਲੇ ਕੁਝ ਸਮੇਂ ਤੋਂ ਠੰਢੇ ਬਸਤੇ ਵਿੱਚ ਪਈਆਂ ਹੋਈਆਂ ਹਨ। ਪ੍ਰਾਪਰਟੀਆਂ ਦਾ ਕੁਲੈਕਟਰ ਰੇਟ ਬਹੁਤ ਵੱਧ ਹੈ, ਜਿਸ ਕਰਕੇ ਪ੍ਰਾਪਰਟੀਆਂ ਦੀ ਰਿਜ਼ਰਵ ਕੀਮਤ ਵੀ ਬਹੁਤ ਉੱਚੀ ਰਹਿੰਦੀ ਹੈ, ਜੋ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਪ੍ਰਾਪਰਟੀਆਂ ਦੇ ਕੁਲੈਕਟਰ ਕੀਮਤ ਵਿੱਚ 40 ਫ਼ੀਸਦ ਤੱਕ ਦੀ ਕਟੌਤੀ ਕਰਨੀ ਚਾਹੀਦੀ ਹੈ।