ਕਰਮਜੀਤ ਸਿੰਘ ਚਿੱਲਾ
ਬਨੂੜ, 6 ਅਪਰੈਲ
ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਐਮਬੀਬੀਐੱਸ ਕਰ ਰਹੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਮੈੱਸ ਵਿੱਚ ਮਿਲਦੇ ਖਾਣੇ ਪ੍ਰਤੀ ਰੋਸ ਪ੍ਰਗਟਾਇਆ ਅਤੇ ਖਾਣਾ ਗੈਰ-ਮਿਆਰੀ ਹੋਣ ਦੀ ਗੱਲ ਆਖੀ। ਵਿਦਿਆਰਥੀਆਂ ਨੇ ਮੈਨੇਜਮੈਂਟ ਉੱਤੇ ਉਨ੍ਹਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਾਇਆ ਅਤੇ ਨਾਅਰੇਬਾਜ਼ੀ ਕੀਤੀ।
ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਮੈੱਸ ਵਿੱਚ ਚੰਗਾ ਖਾਣਾ ਨਹੀਂ ਮਿਲ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਖਾਣੇ ਵਿੱਚ ਕੀੜੇ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗੈਰ-ਮਿਆਰੀ ਖਾਣਾ ਖਾਣ ਨਾਲ ਵਿਦਿਆਰਥੀ ਬਿਮਾਰ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਨੇਕਾਂ ਵਾਰ ਪ੍ਰਿੰਸੀਪਲ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਖਾਣੇ ਵਿੱਚ ਬਿਲਕੁਲ ਸੁਧਾਰ ਨਹੀਂ ਕੀਤਾ ਜਾ ਰਿਹਾ।
ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਵੀ ਖਾਣੇ ਸਬੰਧੀ ਮੈਨੇਜਮੈਂਟ ਨੂੰ ਮਿਲ ਚੁੱਕੇ ਹਨ ਪਰ ਮਾਪਿਆਂ ਨਾਲ ਮੀਟਿੰਗ ਤੋਂ ਦੋ ਤਿੰਨ ਦਿਨ ਬਾਅਦ ਉਨ੍ਹਾਂ ਨਾਲ ਮੁੜ ਓਹੀ ਵਤੀਰਾ ਆਰੰਭ ਹੋ ਗਿਆ ਹੈ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਖਾਣੇ ਵਾਲੇ ਮਾਮਲੇ ਸਬੰਧੀ ਰੋਸ ਪ੍ਰਗਟ ਕਰਨ ਉੱਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਨੰਬਰ ਘੱਟ ਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਤੇ ਰੁੱਖੇ ਵਤੀਰੇ ਨਾਲ ਪੇਸ਼ ਆਇਆ ਜਾਂਦਾ ਹੈ। ਵਿਦਿਆਰਥੀਆਂ ਨੇ ਸਕਿਓਰਿਟੀ ਗਾਰਡਾਂ ਉੱਤੇ ਵੀ ਬਦਸਲੂਕੀ ਦੇ ਦੋਸ਼ ਲਾਏ। ਉਨ੍ਹਾਂ ਮੁੱਖ ਮੰਤਰੀ, ਸਿਹਤ ਮੰਤਰੀ ਤੇ ਪ੍ਰਸ਼ਾਸਨ ਕੋਲੋਂ ਦਖਲ ਦੀ ਮੰਗ ਕਰਦਿਆਂ ਮਿਆਰੀ ਖੁਰਾਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਸਹੀ ਖਾਣਾ ਨਾ ਮਿਲਣ ’ਤੇ ਮਾਪਿਆਂ ਸਮੇਤ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ।
ਵਿਦਿਆਰਥੀਆਂ ਦੀ ਹਰ ਮੁਸ਼ਕਲ ਹੱਲ ਕਰਾਂਗੇ: ਪ੍ਰਬੰਧਕ
ਗਿਆਨ ਸਾਗਰ ਕਾਲਜ ਦੇ ਪ੍ਰੈਸੀਡੈਂਟ (ਅਪਰੇਸ਼ਨਜ਼) ਡਾ. ਹਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਮਾਮਲਾ ਇੱਕ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਮੈੱਸ ਵਾਲਿਆਂ ਨੂੰ ਵਿਦਿਆਰਥੀਆਂ ਦੀ ਮੰਗ ਅਨੁਸਾਰ ਹਰ ਤਰ੍ਹਾਂ ਦਾ ਮਿਆਰੀ ਖਾਣਾ ਮੁਹੱਈਆ ਕਰਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਵਿਦਿਆਰਥੀਆਂ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਵਿਦਿਆਰਥੀਆਂ ਦੀ ਹਰ ਮੰਗ ਪਹਿਲ ਦੇ ਆਧਾਰ ’ਤੇ ਪੂਰੀ ਕੀਤੀ ਜਾਵੇਗੀ।