ਪੱਤਰ ਪ੍ਰੇਰਕ
ਬਨੂੜ, 3 ਜਨਵਰੀ
ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਦਾ ਘਿਰਾਓ ਕਰਨ ਅਤੇ ਗੋਹਾ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਿਸਾਨਾਂ ਅਤੇ ਨੌਜਵਾਨਾਂ ਖ਼ਿਲਾਫ਼ ਪਰਚਾ ਦਰਜ ਕਰਨ ਵਿਰੁੱਧ ਅੱਜ ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਧਰਨੇ ਦੇ 84ਵੇਂ ਦਿਨ ਕਿਸਾਨਾਂ ਅਤੇ ਸਾਬਕਾ ਫੌਜੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਰਪਾਲ ਸਿੰਘ ਸਿਆਊ, ਪ੍ਰੇਮ ਸਿੰਘ ਬਨੂੜ, ਜਗਜੀਤ ਸਿੰਘ ਕਰਾਲਾ, ਹਰਜੀਤ ਸਿੰਘ, ਕੈਪਟਨ ਬੰਤ ਸਿੰਘ ਆਦਿ ਨੇ ਆਖਿਆ ਕਿ ਤੀਕਸ਼ਣ ਸੂਦ ਨੇ ਕਿਸਾਨਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ। ਕਿਸਾਨ ਆਗੂਆਂ ਨੇ ਆਖਿਆ ਕਿ ਪੁਲੀਸ ਵੱਲੋਂ ਪਰਚਾ ਦਰਜ ਕਰਨਾ ਠੀਕ ਨਹੀਂ ਹੈ ਤੇ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪਰਚਾ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਨੇ ਭਾਜਪਾ ਆਗੂਆਂ ਦੇ ਘਿਰਾਓ ਦੀ ਮੁਹਿੰਮ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸੇ ਦੌਰਾਨ ਪਿੰਡ ਜੰਗਪੁਰਾ ਦੇ ਸਰਪੰਚ ਹਰਮਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਉਨਾਂ ਪਿੰਡ ਵੱਲੋਂ 28 ਨਵੰਬਰ ਤੋਂ ਦਿੱਲੀ ਵਿਖੇ ਲੰਗਰ ਲਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ, ਛੱਜੂ ਸਿੰਘ, ਦਰਸ਼ਨ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਬੀਬੀਆਂ ਦਾ ਜਥਾ ਦਿੱਲੀ ਪੁੱਜਾ ਜਿਸ ਵਿੱਚ ਪਲਵਿੰਦਰ ਕੌਰ, ਸਲਿੰਦਰ ਕੌਰ, ਭੁਪਿੰਦਰ ਸਿੰਘ, ਪਰਮਜੀਤ ਕੌਰ ਆਦਿ ਸ਼ਾਮਿਲ ਹਨ।