ਕੁਲਦੀਪ ਸਿੰਘ
ਚੰਡੀਗੜ੍ਹ, 11 ਦਸੰਬਰ
ਡੋਰ-ਟੂ-ਡੋਰ ਗਾਰਬੇਜ਼ ਕੁਲੈਕਸ਼ਨ ਸੁਸਾਇਟੀ ਚੰਡੀਗੜ੍ਹ ਨਾਲ ਸਬੰਧਤ ਸਫਾਈ ਕਾਮਿਆਂ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਸੈਕਟਰ-17 ਦੇ ਸਰਕਸ ਗਰਾਊਂਡ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨਿਗਮ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਉਨ੍ਹਾਂ ਨਿਗਮ ਦੀ ਮੇਅਰ ਅਤੇ ਐਡੀਸ਼ਨਲ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪੇ ਅਤੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ।
ਜਥੇਬੰਦੀ ਦੇ ਜਨਰਲ ਸਕੱਤਰ ਰਾਮਕਰਨ ਕਾਂਗੜਾ, ਚੇਅਰਮੈਨ ਓਮ ਪ੍ਰਕਾਸ਼ ਸੈਣੀ, ਪ੍ਰਧਾਨ ਜੈਕਿਸ਼ਨ ਦੁੱਲਾ, ਸੁਰੇਂਦਰ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਨਿਗਮ ਨੇ ਡੋਰ-ਟੂ-ਡੋਰ ਕੂੜਾ-ਕਰਕਟ ਇਕੱਠਾ ਕਰਨ ਵਾਲੇ ਕਰਮਚਾਰੀਆਂ ਦਾ ਕਥਿਤ ਤੌਰ ’ਤੇ ਸ਼ੋਸ਼ਣ ਕਰਦਿਆਂ ਆਪਣੀਆਂ ਗਾਰਬੇਜ ਗੱਡੀਆਂ ਚਲਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਅਜਿਹੀਆਂ ਨੀਤੀਆਂ ਉਤੇ ਕਾਇਮ ਰਹੇਗਾ ਤਾਂ ਕੂੜਾ ਚੁੱਕਣ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਮਜ਼ਬੂਰ ਹੋ ਕੇ ਸੜਕਾਂ ਉੱਤੇ ਉਤਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ।
ਸੁਸਾਇਟੀ ਦੇ ਪ੍ਰਧਾਨ ਰਾਮਕਰਨ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਚੰਡੀਗੜ੍ਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਤਿਆਰ ਹੈ ਪਰ ਕਰਮਚਾਰੀਆਂ ਦਾ ਸ਼ੋਸ਼ਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਰਾਸ਼ਟਰੀ ਵਾਲਮੀਕੀ ਧਰਮ ਸਮਾਜ (ਰਾਵਾਧਸ) ਦੇ ਪ੍ਰਧਾਨ ਦਿਲਬਾਗ ਸਿੰਘ ਟਾਂਕ ਨੇ ਵੀ ਸੁਸਾਇਟੀ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਜੇਂਦਰ ਡੁਲਗੱਚ, ਅਜੇ ਬਿੜਲਾ, ਧਰਮਵੀਰ ਰਾਣਾ, ਰੋਸ਼ਨ ਲਾਲ ਡੁਲਗੱਚ, ਦਿਲਬਾਗ ਟਾਂਕ, ਕਰਮਬੀਰ ਬਾਲਾ ਆਦਿ ਨੇ ਵੀ ਸੰਬੋਧਨ ਕੀਤਾ।
ਮੰਗ ਪੱਤਰ ’ਚ ਛੇ ਮੰਗਾਂ ਦਾ ਜ਼ਿਕਰ
ਸਫਾਈ ਸੇਵਕਾਂ ਨੇ ਆਪਣੇ ਮੰਗ ਪੱਤਰ ਵਿੱਚ ਛੇ ਮੰਗਾਂ ਰੱਖੀਆਂ। ਇਨ੍ਹਾਂ ਮੰਗਾਂ ਅਨੁਸਾਰ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਨੂੰ ਮੌਜੂਦਾ ਰਵਾਇਤ ਮੁਤਾਬਕ ਕੂੜਾ ਚੁੱਕਣ ਕਰਨ ਦੀ ਇਜਾਜ਼ਤ ਕਾਇਮ ਰੱਖੀ ਜਾਵੇ, ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਦਾ ਪ੍ਰਤੀ ਮਹੀਨਾ ਲਏ ਜਾਂਦੇ ਭੁਗਤਾਨ ਦੇ ਹੱਕ ਵੀ ਉਨ੍ਹਾਂ ਨੂੰ ਦਿੱਤੇ ਜਾਣ, ਕੂੜੇ ਵਿੱਚੋਂ ਨਿਕਲਣ ਵਾਲੀਆਂ ਵੇਚਣਯੋਗ ਚੀਜ਼ਾਂ ਨੂੰ ਬਾਜ਼ਾਰ ਵਿੱਚ ਵੇਚਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਗੱਡੀਆਂ ਜਿੱਥੇ ਪਹਿਲਾਂ ਤੋਂ ਡਸਟਬਿੱਨ ਰੱਖੇ ਹੋਏ ਹਨ, ਉਥੇ ਹੀ ਖੜ੍ਹੀਆਂ ਰਹਿਣ ਤਾਂ ਕਿ ਉਹ ਆਪਣੀਆਂ ਰੇਹੜੀਆਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਉਨ੍ਹਾਂ ਵਿੱਚ ਪਾਉਣ ਜਿਸ ਨਾਲ ਆਲਾ-ਦੁਆਲਾ ਸਾਫ਼ ਰਹੇ।