ਪੱਤਰ ਪ੍ਰੇਰਕ
ਬਨੂੜ, 20 ਜੂਨ
ਸ਼ਹਿਰ ਦੇ ਚਾਰ ਨੰਬਰ ਵਾਰਡ ਦੇ ਵਸਨੀਕ ਅਤੇ ਸੈਂਟਰਲ ਵਾਲਮੀਕੀ ਸਭਾ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਕੁਮਾਰ ਕੁੱਕੂ ਅਤੇ ਹਨੀ ਕੁਮਾਰ ਨੇ ਵਾਰਡ ਦੇ ਡਿਪੂ ਹੋਲਡਰ ਉੱਤੇ ਬੀਪੀਐਲ ਪਰਿਵਾਰਾਂ ਨੂੰ ਮਿਲਦੀ ਕਣਕ ਘੱਟ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਨੇ ਮਸ਼ੀਨ ਵਿੱਚੋਂ ਉਸ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਪਰਚੀ 105 ਕਿਲੋ ਦੀ ਕੱਟੀ ਅਤੇ ਕਣਕ 90 ਕਿਲੋ ਦਿੱਤੀ। ਉਨ੍ਹਾਂ ਕਿਹਾ ਕਿ ਹੋਰਨਾਂ ਕਈਂ ਪਰਿਵਾਰਾਂ ਨੂੰ ਵੀ ਘੱਟ ਕਣਕ ਦਿੱਤੀ ਗਈ। ਉਨ੍ਹਾਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਰਾਜਿੰਦਰ ਕੁਮਾਰ ਕੁੱਕੂ ਨੇ ਦੱਸਿਆ ਕਿ 15 ਕਿਲੋ ਪ੍ਰਤੀ ਜੀਅ ਦੇ ਹਿਸਾਬ ਨਾਲ ਉਸ ਦੇ ਪਰਿਵਾਰ ਦੇ ਸੱਤ ਜੀਆਂ ਦੀ ਕਣਕ 105 ਕਿਲੋ ਮਿਲਣੀ ਸੀ ਤੇ ਮਸ਼ੀਨ ਵਿੱਚ ਪਰਚੀ ਵੀ 105 ਕਿਲੋ ਦੀ ਕੱਟੀ ਗਈ ਪਰ 90 ਕਿਲੋ ਕਣਕ ਹੀ ਦਿੱਤੀ ਗਈ। ਰਾਜਿੰਦਰ ਕੁਮਾਰ ਨੇ ਆਖਿਆ ਕਿ ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਡਿਪੂ ਹੋਲਡਰ ਨੇ ਆਖਿਆ ਕਿ ਤੁਹਾਡੇ ਇੱਕ ਪੁੱਤਰ ਦੀ ਮੌਤ ਹੋ ਚੁੱਕੀ ਹੈ ਤਾਂ ਕਣਕ ਘੱਟ ਦਿੱਤੀ ਜਾਵੇਗੀ। ਖਪਤਕਾਰ ਨੇ ਆਖਿਆ ਕਿ ਉਸ ਦੇ ਪੁੱਤਰ ਦੀ ਮੌਤ 2012 ਵਿੱਚ ਹੋਈ ਸੀ ਤੇ ਉਸ ਦਾ ਤਾਂ ਕਾਰਡ ਵਿੱਚ ਨਾਮ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮਾਮਲੇ ਦੀ ਮੁੱਖ ਮੰਤਰੀ ਅਤੇ ਖੁਰਾਕ ਸਪਲਾਈ ਮੰਤਰੀ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਪਹਿਲੀ ਦੇ ਆਧਾਰ ’ਤੇ ਜਾਂਚ ਕਰ ਕੇ ਇਨਸਾਫ ਦਿੱਤਾ ਜਾਵੇ।
ਮਾਮਲੇ ਦੀ ਜਾਂਚ ਕਰਾਂਗਾ: ਇੰਸਪੈਕਟਰ
ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਵਿਕਰਮ ਸਿੰਘ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਉਹ ਛੁੱਟੀ ਉੱਤੇ ਹਨ। ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਜੇਕਰ ਡਿਪੂ ਹੋਲਡਰ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਿੱਪੂ ਹੋਲਡਰ ਪਵਨ ਕੁਮਾਰ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਦੇ ਇੱਕ ਲੜਕੇ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੀ ਪੰਦਰਾਂ ਕਿਲੋ ਕਣਕ ਕੱਟੀ ਗਈ ਹੈ।