ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਜਨਵਰੀ
ਯੂਟੀ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਲਈ ਸਕੂਲ ਭਲਕੇ ਪਹਿਲੀ ਫਰਵਰੀ ਤੋਂ ਖੁੱਲ੍ਹਣਗੇ। ਸਿੱਖਿਆ ਵਿਭਾਗ ਨੇ ਇਸ ਸਬੰਧੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪਰ ਕਈ ਪ੍ਰਾਈਵੇਟ ਸਕੂਲਾਂ ਨੇ ਹਾਲ ਦੀ ਘੜੀ ਇਨ੍ਹਾਂ ਜਮਾਤਾਂ ਲਈ ਸਕੂਲ ਖੋਲ੍ਹਣ ਤੋਂ ਟਾਲਾ ਵੱਟ ਲਿਆ ਹੈ। ਦੂਜੇ ਪਾਸੇ ਮਾਪੇ ਹਾਲੇ ਵੀ ਆਪਣੇ ਬੱਚੇ ਸਕੂਲ ਭੇਜਣ ਦੇ ਹੱਕ ਵਿਚ ਨਹੀਂ ਹਨ। ਦੱਸਣਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਵਿਚ 38 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ ਜੋ ਹਾਲੇ ਆਨਲਾਈਨ ਸਿੱਖਿਆ ਹੀ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਸਿਰਫ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੀ ਸਕੂਲ ਆ ਕੇ ਸਿੱਖਿਆ ਹਾਸਲ ਕਰ ਰਹੇ ਹਨ। ਯੂਟੀ ਦੇ ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਨੂੰ ਕਰੋਨਾ ਸਾਵਧਾਨੀਆਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਥੋਂ ਦੇ ਸਰਕਾਰੀ ਸਕੂਲ ਦੇ ਮੁਖੀ ਨੇ ਦੱਸਿਆ ਕਿ ਹਰ ਜਮਾਤ ਦੇ ਇਕ ਬੈਂਚ ਵਿਚ ਇਕ ਹੀ ਵਿਦਿਆਰਥੀ ਨੂੰ ਬਿਠਾਉਣ ਦੀ ਯੋਜਨਾ ਹੈ ਤੇ ਸਕੂਲ ਆਉਣ ਵਾਲੇ ਹਰ ਵਿਦਿਆਰਥੀ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ ਤੇ ਸਕੂਲ ਦੇ ਗੇਟ ਨਾਲ ਸੈਨੇਟਾਈਜ਼ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਨੂੰ ਬਿਨਾਂ ਮਾਸਕ ਸਕੂਲ ਨਹੀਂ ਆਉਣ ਦਿੱਤਾ ਜਾਵੇਗਾ। ਦੂਜੇ ਪਾਸੇ ਮਾਪਿਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਰੋਨਾ ਦੇ ਕੇਸ ਆਉਣੇ ਬੰਦ ਨਹੀਂ ਹੋਏ ਜਿਸ ਕਾਰਨ ਬੱਚਿਆਂ ਨੂੰ ਸਕੂਲ ਭੇਜਣਾ ਵਿਦਿਆਰਥੀਆਂ ਤੇ ਪਰਿਵਾਰ ਦੇ ਹਿੱਤ ਵਿਚ ਨਹੀਂ ਹੈ। ਮਾਪਿਆਂ ਨੇ ਕਿਹਾ ਹੈ ਕਿ ਜੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ ਤਾਂ ਬੱਚੇ ਸਮਾਜਿਕ ਦੂਰੀ ਨਹੀਂ ਰੱਖ ਸਕਣਗੇ।
ਚੰਡੀਗੜ੍ਹ (ਆਤਿਸ਼ ਗੁਪਤਾ): ਕਰੋਨਾਵਾਇਰਸ ਕਰਕੇ ਬੰਦ ਪਈ ‘ਆਪਣੀ ਮੰਡੀ’ ਨੂੰ 10 ਮਹੀਨੇ ਬਾਅਦ ਪ੍ਰਸ਼ਾਸਨ ਨੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨੂੰ ਅੱਜ 1 ਫਰਵਰੀ ਤੋਂ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸ਼ੁਰੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ‘ਆਪਣੀ ਮੰਡੀ’ ਨੂੰ ਮਾਰਚ-2020 ਵਿੱਚ ਬੰਦ ਕਰ ਦਿੱਤਾ ਸੀ। ਦੂਜੇ ਪਾਸੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਫਰਵਰੀ ਤੋਂ ਸਿਨੇਮਾਘਰਾਂ ਨੂੰ ਸੌ ਫ਼ੀਸਦ ਦਰਸ਼ਕ ਸਮਰੱਥਾ ਨਾਲ ਚਲੱਣਗੇ। ਇਸ ਮੌਕੇ ਟਿਕਟਾਂ ਦੀ ਜ਼ਿਆਦਾਤਰ ਆਨਲਾਈਨ ਬੁਕਿੰਗ ਕੀਤੀ ਜਾਵੇਗਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਣੀ ਮੰਡੀ ਅਤੇ ਸਿਨੇਮਾਘਰ ਵਿੱਚ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਜਿੱਥੇ ਹਰ ਕਿਸੇ ਨੂੰ ਮਾਸਕ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ ਅਤੇ ਸੈਨੀਟਾਈਜ਼ੇਸ਼ਨ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਵੀ ਹਾਜ਼ਰੀ ਨਾਮਾਤਰ
ਯੂਟੀ ਵਲੋਂ 2 ਨਵੰਬਰ ਤੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਤਿੰਨ ਮਹੀਨੇ ਦੇ ਕਰੀਬ ਬੀਤਣ ਬਾਅਦ ਵੀ ਗਿਣਤੀ ਦੇ ਵਿਦਿਆਰਥੀ ਹੀ ਸਕੂਲ ਆ ਰਹੇ ਹਨ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਿਚ ਵੀ ਇਹੀ ਹਾਲ ਹੈ। ਦਿੱਲੀ ਪਬਲਿਕ ਸਕੂਲ ਵਿਚ ਗਿਆਰ੍ਹਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਭਾਵੇਂ ਕਰੋਨਾ ਦੇ ਕੇਸ ਘੱਟ ਗਏ ਹਨ ਪਰ ਉਹ ਹਾਲੇ ਆਨਲਾਈਨ ਪੜ੍ਹਾਈ ਨੂੰ ਹੀ ਤਰਜੀਹ ਦੇ ਰਹੇ ਹਨ ਤੇ ਆਪਣੇ ਦੋਵੇਂ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ।
ਆਫ਼ਲਾਈਨ ਪੜ੍ਹਾਈ ਨਾਲੋਂ ਬਜ਼ੁਰਗਾਂ ਦੀ ਸੁਰੱਖਿਆ ਜ਼ਰੁੂਰੀ ਕਰਾਰ
ਦੂਜੇ ਪਾਸੇ, ਕੁਝ ਅਜਿਹੇ ਲੋਕ ਵੀ ਮਿਲੇ ਜਿਨ੍ਹਾਂ ਦੇ ਘਰਾਂ ’ਚ 75 ਜਾਂ ਇਸ ਤੋਂ ਵਡੇਰੀ ਉਮਰ ਦੇ ਬਜ਼ੁਰਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਸਕੂਲਾਂ ’ਚ ਭੇਜ ਕੇ ਆਪਣੇ ਬਜ਼ੁਰਗਾਂ ਲਈ ਖ਼ਤਰਾ ਖੜ੍ਹਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤਕ ਬਜ਼ੁਰਗਾਂ ਨੂੰ ਬੜੀ ਮੁਸ਼ਕਲ ਨਾਲ ਕਰੋਨਾ ਦੀ ਲਾਗ ਤੋਂ ਬਚਾ ਕੇ ਰੱਖਿਆ ਹੈ ਤੇ ਹੁਣ ਬੱਚਿਆਂ ਨੂੰ ਸਕੂਲ ਭੇਜ ਕੇ ਬਜ਼ੁਰਗਾਂ ਲਈ ਖਤਰਾ ਖੜ੍ਹਾ ਨਹੀਂ ਕਰਨਗੇ।