ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਮਈ
ਮੁਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਅਤੇ ਵਾਹਨ ਚੋਰ ਕਰਨ ਦੇ ਦੋਸ਼ ਹੇਠ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਦੋ ਸਪਲੈਂਡਰ ਮੋਟਰਸਾਈਕਲ ਅਤੇ 24 ਮੋਬਾਈਲ ਬਰਾਮਦ ਹੋਏ ਹਨ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅਨਿਲ ਕੁਮਾਰ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਪਹਿਲਾਂ ਇਕਬਾਲ ਸਿੰਘ ਵਾਸੀ ਮਾਡਲ ਟਾਊਨ (ਲੁਧਿਆਣਾ) ਅਤੇ ਉਸ ਦੇ ਸਾਥੀ ਹਰੀ ਓਮ ਵਾਸੀ ਪਿੰਡ ਨਵਾਬ ਗੰਜ (ਯੂਪੀ) ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਤੀਜੇ ਸਾਥੀ ਦਿਆਨੰਦ ਮੈਡਲ ਵਾਸੀ ਪਿੰਡ ਆਲਮ ਨਗਰ (ਬਿਹਾਰ) ਨੂੰ ਬਿਹਾਰ ਨੂੰ ਵੀ ਕਾਬੂ ਕਰ ਲਿਆ। ਪੁੱਛ-ਪੜਤਾਲ ਦੌਰਾਨ ਇਕਬਾਲ ਸਿੰਘ ਨੇ ਮੰਨਿਆ ਕਿ ਉਸ ਦੇ ਕੁਝ ਹੋਰ ਦੋਸਤ ਗੁਰਵਿੰਦਰ ਸਿੰਘ ਵਾਸੀ ਸੋਹਾਣਾ, ਖੁਸ਼ ਕੁਮਾਰ ਵਾਸੀ ਕਰਮਾਵਾ (ਬਿਹਾਰ) ਤੇ ਅੰਮ੍ਰਿਤਪਾਲ ਸਿੰਘ ਵੀ ਮੋਬਾਈਲ ਚੋਰੀ ਕਰਦੇ ਹਨ। ਪੁਲੀਸ ਨੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਐੱਕਸਯੂਵੀ ਲੁੱਟਣ ਵਾਲਿਆਂ ’ਚੋਂ ਇੱਕ ਲੁਟੇਰਾ ਹਰਿਦੁਆਰ ਤੋਂ ਗ੍ਰਿਫ਼ਤਾਰ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਅੰਬਾਲਾ ਦੇ ਕਾਕੜੂ ਮੋੜ ਲਾਗੇ ਚਾਰ ਦਿਨ ਪਹਿਲਾਂ 19 ਮਈ ਦੀ ਰਾਤ ਨੂੰ ਚਾਕੂ ਦਿਖਾ ਕੇ ਐਕਸਯੂਵੀ 500 ਲੁੱਟਣ ਵਾਲੇ ਚਾਰ ਲੁਟੇਰਿਆਂ ’ਚੋਂ ਇੱਕ ਨੂੰ ਪੁਲੀਸ ਦੀ ਵਿਸ਼ੇਸ਼ ਟੀਮ ਨੇ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਗੱਡੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਵਿਕਾਸ ਨਿਵਾਸੀ ਪਿੰਡ ਬੱਲਾ ਜ਼ਿਲ੍ਹਾ ਕਰਨਾਲ ਵਜੋਂ ਹੋਈ ਹੈ।