ਸਰਬਜੀਤ ਸਿੰਘ ਭੱਟੀ
ਲਾਲੜੂ, 8 ਅਪਰੈਲ
ਇੱਥੋਂ ਨਜ਼ਦੀਕੀ ਪਿੰਡ ਜਾਸਤਨਾ ਖੁਰਦ ਵਿੱਚ ਕਰੀਬ ਛੇ ਕਿੱਲਿਆਂ ਵਿੱਚ ਖੜ੍ਹੀ ਕਣਕ ਦੀ ਪੱਕੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ। ਪਿੰਡ ਵਾਸੀਆਂ ਨੇ ਆਪਣੇ ਟਰੈਕਟਰਾਂ ਨਾਲ ਖੇਤ ਵਾਹ ਕੇ ਅਤੇ ਮੌਕੇ ’ਤੇ ਪੁੱਜੀ ਫਾਈਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਿਕ ਜਾਸਤਨਾ ਖੁਰਦ-ਬੱਲੋਪੁਰ ਸੜਕ ’ਤੇ ਛੇ ਏਕੜ ਵਿੱਚ ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਅੱਜ ਦੁਪਹਿਰੇ ਅੱਗ ਲੱਗ ਗਈ, ਮੌਕੇ ’ਤੇ ਪਿੰਡ ਵਾਸੀਆਂ ਨੇ ਆਪਣੇ ਟਰੈਕਟਰਾਂ ਰਾਹੀਂ ਖੇਤ ਵਾਹ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪੁੱਜ ਗਈ, ਜਿਸ ਦੀ ਮਦਦ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਪਿੰਡ ਜਾਸਤਨਾ ਖੁਰਦ ਵਾਸੀ ਨੰਬਰਦਾਰ ਕਰਮ ਸਿੰਘ, ਮਾਸਟਰ ਲੱਜਾ ਸਿੰਘ, ਗਿਆਨ ਸਿੰਘ, ਹਰਦੀਪ ਸਿੰਘ ਅਤੇ ਸ਼ਿੰਦਰ ਸਿੰਘ ਦੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਸੁਖਦੇਵ ਸਿੰਘ ਤੇ ਕੌਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਹੁਕਮਾਂ ਮੁਤਾਬਿਕ ਫਾਇਰ ਬ੍ਰਿਗੇਡ ਦੀ ਇਕ ਗੱਡੀ ਨਗਰ ਕੌਂਸਲ ਲਾਲੜੂ ਦੇ ਦਫਤਰ ਵਿੱਚ ਖੜ੍ਹਦੀ ਹੈ, ਤਾਂ ਜੋ ਅੱਗ ਲੱਗਣ ਦੀ ਕਿਸੇ ਘਟਨਾ ਵਾਲੀ ਥਾਂ ’ਤੇ ਪੁੱਜਣਾ ਅਸਾਨ ਹੋ ਜਾਂਦਾ ਹੈ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਜੇ ਸਮੇਂ ਸਿਰ ਅੱਗ ਬੁਝਾਉਣ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਪੀੜਤ ਕਿਸਾਨਾਂ ਲਈ ਪੰਜਾਬ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ।