ਪੱਤਰ ਪ੍ਰੇਰਕ
ਪੰਚਕੂਲਾ, 19 ਫਰਵਰੀ
ਸੀਟੂ ਦੇ ਸੱਦੇ ’ਤੇ ਸੈਂਕੜੇ ਕਾਮੇ ਇੱਥੇ ਸ਼ਹੀਦ ਮੈਮੋਰੀਅਲ ਪਾਰਕ ਸੈਕਟਰ-2 ਵਿੱਚ ਇਕੱਠੇ ਹੋਏ। ਸੀਟੂ ਦੇ ਜ਼ਿਲ੍ਹਾ ਪ੍ਰਧਾਨ ਰਮਾ, ਜ਼ਿਲ੍ਹਾ ਸਕੱਤਰ ਲੱਛੀ ਰਾਮ, ਕਿਸਾਨ ਆਗੂ ਕਰਮਚੰਦ, ਦਾਰਾ ਸਿੰਘ, ਰਾਮਾਸ਼ਰ ਆਦਿ ਦੇ ਵਫ਼ਦ ਨੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਰਾਹੀਂ ਹਰਿਆਣਾ ਸਰਕਾਰ ਨੂੰ ਮੰਗ-ਪੱਤਰ ਦਿੱਤਾ। ਲੱਛੀ ਰਾਮ ਨੇ ਕਿਹਾ ਕਿ ਬੀਤੇ ਦਿਨੀਂ ਅੰਬਾਲਾ ਸਥਿਤ ਸਿਹਤ ਮੰਤਰੀ ਦੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਕਰਨ ਆਈ ਆਸ਼ਾ ਵਰਕਰ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਸੀਟੂ ਆਗੂਆਂ ਨੂੰ ਵੀ ਘਰੋਂ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗ੍ਰਿਫ਼ਤਾਰੀ ਦੀ ਥਾਂ ਆਗੂਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਹੈਲਪਰਾਂ 75 ਦਿਨਾਂ ਤੋਂ ਹੜਤਾਲ ’ਤੇ ਹਨ। ਮਿੱਡ-ਡੇਅ ਮਿੱਲ ਵਰਕਰਾਂ ਨੂੰ ਦਸ ਮਹੀਨਿਆਂ ਤੋਂ ਮਾਣ-ਭੱਤਾ ਨਹੀਂ ਮਿਲ ਰਿਹਾ। ਆਸ਼ਾ ਵਰਕਰ ਦਾ ਇਨਸੈਂਟਿਵ ਕੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਮੇਂ ਸਿਰ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।