ਬਹਾਦਰਜੀਤ ਸਿੰਘ
ਰੂਪਨਗਰ, 8 ਜਨਵਰੀ
ਸੀਟੂ ਦੇ ਸੱਦੇ ’ਤੇ ਰੂਪਨਗਰ ਜ਼ਿਲ੍ਹਾ ਇਕਾਈ ਵੱਲੋਂ ਕਿਸਾਨਾਂ ਵਿਰੁੱਧ ਬਣਾਏ ਤਿੰਨ ਖੇਤੀ ਕਾਨੂੰਨਾਂ, ਬਿਜਲੀ ਬਿੱਲ 2020 ਦੇ ਵਿਰੁੱਧ ਤੇ ਮਜਦੂਰਾਂ ਪੱਖੀ ਕਾਨੂੰਨਾਂ ਦੀ ਬਹਾਲੀ ਲਈ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਸੀਟੂ ਜ਼ਿਲ੍ਹਾ ਆਗੂ ਸੁਰਜਿੰਦਰ ਕੋਰ ਸੀਮਾ, ਅਵਤਾਰ ਕੋਰ ਅਤੇ ਸਰਬਜੀਤ ਕੋਰ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਰੈਲੀ ਕਰਨ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦੇ ਗੇਟ ਅੱਗੇ ਪਹੁੰਚ ਕੇ ਖ਼ੁਦ ਨੂੰ ਗ੍ਰਿਫ਼ਤਾਰੀਆ ਲਈ ਪੇਸ਼ ਕੀਤਾ। ਰੈਲੀ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਬਣਨ ’ਤੇ ਮੋਦੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਹੈ, ਜਿਸ ਦੀ ਮਿਸਾਲ ਭਾਰਤ ਪੈਟਰੋਲੀਅਮ, ਐੱਲਆਈਸੀ, ਦੇਸ਼ ਦੇ ਬੈਂਕ, ਹਵਾਈ ਅੱਡੇ ਸਮੇਤ ਜਹਾਜ਼, ਰੇਲ, ਖਣਿਜਾਂ ਦੀਆਂ ਖਾਣਾਂ ਆਦਿ ਦੇਸ਼ ਦੀ ਆਰਥਿਕਤਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਦਾਰਿਆਂ ਨੂੰ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੋਡੀਆਂ ਦੇ ਭਾਅ ਵੇਚੇ ’ਤੇ ਮਿਲਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਸੀਟੂ ਤੇ ਸਾਂਝਾ ਕਿਸਾਨ ਮੋਰਚੇ ਵੱਲੋਂ ਸੰਘਰਸ਼ਾਂ ਦੇ ਹਰ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਾਉਣ। ਬੁਲਾਰਿਆਂ ਨੇ ਦੱਸਿਆ ਕਿ ਸਾਂਝਾ ਕਿਸਾਨ ਮੋਰਚਾ ਭਾਰਤ ਵੱਲੋਂ ਲੋਹੜੀ ਵਾਲੇ ਦਿਨ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਅਤੇ ਮੋਦੀ ਸਰਕਾਰ ਦੇ ਪੁਤਲਾ ਫੂਕਣ ਦੇ ਐਕਸ਼ਨ ਨੂੰ ਰੂਪਨਗਰ ਦੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਵੱਲੋਂ ਲੋਹੜੀ ਵਾਲੇ ਦਿਨ 11 ਵਜੇ ਬੇਲਾ ਚੋਕ ਰੂਪਨਗਰ ਵਿੱਚ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਣ ਦਾ ਫੈਸਲਾ ਲਿਆ ਹੈ।