ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਵੱਲੋਂ ਆਪਣੇ ਅਧੀਨ ਆਉਂਦੇ ਹੋਟਲਾਂ ਦੇ ਸੁਧਾਰ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਸਿਟਕੋ ਨੇ ਅਧਿਕਾਰੀਆਂ ਦੀ ਜ਼ਿੰਮੇਵਾਰੀਆਂ ਵੀ ਤੈਅ ਕਰ ਦਿੱਤੀਆਂ ਹਨ। ਇਹ ਫ਼ੈਸਲਾ ਸਿਟਕੋ ਦੀ ਪ੍ਰਬੰਧਕੀ ਨਿਰਦੇਸ਼ਕ ਪੂਰਵਾ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ ਹੈ। ਮੀਟਿੰਗ ਵਿੱਚ ਸਾਹਮਣੇ ਆਇਆ ਕਿ ਮੁਲਾਜ਼ਮਾਂ ਦੀ ਗਲਤ ਨਿਯੁਕਤੀਆਂ ਕਰਕੇ ਸੈਕਟਰ-10 ਵਿਚਲਾ ਹੋਟਲ ਮਾਊਂਟਵਿਊ ਅਤੇ ਸੈਕਟਰ-24 ਦੇ ਹੋਟਲ ਪਾਰਕ ਵਿਊ ਦੇ ਹਾਲਾਤ ਨਿੱਤ ਮਾੜੇ ਹੁੰਦੇ ਜਾ ਰਹੇ ਹਨ। ਇਸ ਨਾਲ ਸਿਟਕੋ ਦੇ ਹੋਟਲਾਂ ਵਿੱਚ ਵਿਕਰੀ ’ਤੇ ਮਾੜਾ ਅਸਰ ਪੈ ਰਿਹਾ ਹੈ। ਮੀਟਿੰਗ ਵਿੱਚ ਹੋਟਲ ਅਤੇ ਪੈਟਰੋਲ ਪੰਪਾਂ ਦੀ ਰੋਜ਼ਾਨਾ ਸੇਲ ਦਾ ਧਿਆਨ ਰੱਖਣ ਲਈ ਵਿਸ਼ੇਸ਼ ਤੌਰ ’ਤੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਸਿਟਕੋ ਨੂੰ ਹੋਣ ਵਾਲੇ ਘਾਟੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸਿਟਕੋ ਨੇ ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਹੋਰ ਵਧੀਆਂ ਸਹੁਲਤਾਂ ਮੁਹੱਈਆ ਕਰਵਾਉਣ ਲਈ ਰੌਕ ਗਾਰਡਨ ਅਤੇ ਬਰਡ ਪਾਰਕ ਦੇ ਬਾਹਰ ਖਾਣ-ਪੀਣ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਗੌਰਤਲਬ ਹੈ ਕਿ ਸਿਟਕੋ ਨੇ ਰੈਗੂਲਰ ਸਟਾਫ ਦੀ ਸੇਵਾ ਮੁਕਤੀ ਤੋਂ ਬਾਅਦ ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਭਰਤੀ ਨਹੀਂ ਕੀਤੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਰੈਗੂਲਰ ਭਰਤੀ ਵੀ ਕਰ ਸਕਦਾ ਹੈ। ਇਸ ਬਾਰੇ ਸਿਟਕੋ ਦੇ ਚੀਫ਼ ਜਨਰਲ ਮੈਨੇਜਰ ਸੁਮਿਤ ਸਿਹਾਗ ਨੇ ਕਿਹਾ ਸਿਟਕੋ ਆਪਣੀ ਆਮਦਨ ਵਧਾਉਣ ਲਈ ਵਿਉਂਤਬੰਦੀ ਕਰ ਰਿਹਾ ਹੈ। ਇਸ ਦੇ ਨਾਲ ਹੀ ਸਿਟਕੋ ਨੇ ਖਾਣ-ਪੀਣ ਅਤੇ ਪੈਟਰੋਲ ਪੰਪ ਦੇ ਪ੍ਰਬੰਧ ਵਿੱਚ ਵੀ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ।