ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਗਸਤ
ਚੰਡੀਗੜ੍ਹ ਪੁਲੀਸ ਵੱਲੋਂ ਨਵ ਜੰਮੇ ਬੱਚੇ ਚੋਰੀ ਕਰਕੇ ਵੇਚਣ ਵਾਲੇ ਗਰੋਹ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਲਈ ਏਐੱਸਪੀ ਨੇਹਾ ਯਾਦਵ ਦੀ ਅਗਵਾਈ ਹੇਠ ਐੱਸਆਈਟੀ ਬਣਾਈ ਗਈ ਜਿਸ ਵਿੱਚ ਥਾਣਾ ਸੈਕਟਰ-31 ਅਤੇ ਥਾਣਾ ਸੈਕਟਰ-36 ਦੇ ਮੁਖੀ ਸਮੇਤ 3 ਐੱਸਆਈ ਅਤੇ 1 ਏਐਸਆਈ ਸ਼ਾਮਲ ਹਨ। ਏਐੱਸਪੀ ਨੇਹਾ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਗਿੱਛ ਦੇ ਆਧਾਰ ’ਤੇ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਮਲੇਰਕੋਟਲਾ ਅਤੇ ਮੁਕਤਸਰ ਵਿੱਚ ਛਾਪੇ ਮਾਰਨ ਗਈਆਂ ਹਨ। ਜਿੱਥੇ ਪੀੜਤ ਪਰਿਵਾਰਾਂ ਦੇ ਨਾਲ ਸੰਪਰਕ ਕਰਕੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਹਸਪਤਾਲਾਂ ਵਿੱਚ ਬੱਚਾ ਚੋਰੀ ਦੀਆਂ ਘਟਨਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੋਬਾਈਲ ਫੋਨ ਵਿੱਚ ਕਈ ਬੱਚਿਆਂ ਦੀਆਂ ਤਸਵੀਰਾਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।