ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 6 ਨਵੰਬਰ
ਇੱਥੋਂ ਦੇ ਮੁਬਾਰਿਕਪੁਰ ਸੜਕ ’ਤੇ ਸਥਿਤ ਸਿਲਵਲ ਸਿਟੀ ਥੀਮ ਦੇ ਇੱਕ ਫਲੈਟ ਵਿੱਚ ਅੱਜ ਅਚਾਨਕ ਅੱਗ ਲੱਗਣ ਗਈ। ਮੌਕੇ ’ਤੇ ਲੋਕਾਂ ਨੇ ਆਪਣੇ ਪੱਧਰ ’ਤੇ ਸਮਾਂ ਰਹਿੰਦਿਆਂ ਅੱਗ ’ਤੇ ਕਾਬੂ ਪਾਇਆ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਸੁਸਾਇਟੀ ਦੀ ਪ੍ਰਧਾਨ ਲੂਸੀ ਬਰਗਸ ਨੇ ਦੱਸਿਆ ਕਿ ਲੰਘੀ ਰਾਤ ਇੱਕ ਫਲੈਟ ਦੇ ਬਾਹਰ ਪਏ ਸੋਫੇ ਨੇ ਕਿਸੇ ਪਟਾਖੇ ਤੋਂ ਅੱਗ ਫੜ ਗਈ। ਅੱਗ ਕੁਝ ਦੇਰ ਵਿੱਚ ਭੜਕ ਗਈ ਜਿਸਨੇ ਪਹਿਲੀ ਮੰਜ਼ਿਲ ’ਤੇ ਸਥਿਤ ਫਲੈਟ ਦੇ ਏਅਰਕੰਡੀਸ਼ਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਅੱਗ ਫਲੈਟ ਦੇ ਅੰਦਰ ਤੱਕ ਪਹੁੰਚ ਗਈ। ਅੱਗ ਦੀ ਲਪਟਾਂ ਉੱਠਦੀ ਦੇਖ ਮੌਕੇ ’ਤੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਮੌਕੇ ’ਤੇ ਸੁਰੱਖਿਆ ਗਾਰਡਾਂ ਅਤੇ ਸਥਾਨਕ ਲੋਕਾਂ ਵੱਲੋਂ ਸੁਸਾਇਟੀ ਦੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚੱਲੇ।
ਇਸ ਮਗਰੋਂ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਇਆ। ਅੱਗ ਦੌਰਾਨ ਫਲੈਟ ਵਿੱਚ ਪਿਆ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਇਹ ਫਲੈਟ ਕੈਲਾਸ਼ ਵਸ਼ਿਸ਼ਟ ਦਾ ਸੀ, ਜੋ ਉਸ ਵੇਲੇ ਆਪਣੇ ਘਰ ਮੌਜੂਦ ਸੀ ਜਿਸਨੇ ਤੁਰੰਤ ਬਾਹਰ ਭੱਜ ਕੇ ਆਪਣੀ ਜਾਨ ਬਚਾਈ।