ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਅਗਸਤ
ਮੁਹਾਲੀ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਆਜ਼ਾਦੀ ਦਿਵਸ ਨੂੰ ਵਿਸ਼ਵਾਸਘਾਤ ਦਿਵਸ (ਗੁਲਾਮੀ ਦਿਵਸ) ਵਜੋਂ ਮਨਾਇਆ ਗਿਆ ਅਤੇ ਪੁਲੀਸ ਰੋਕਾਂ ਕਾਰਨ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (1920), ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖ ਅਧਿਕਾਰ ਸੰਗਠਨਾਂ ਸਮੇਤ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿੱਚ ਇਕੱਤਰ ਹੋਏ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਗੋਪਾਲ ਸਿੰਘ ਸਿੱਧੂ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਦਲ ਖਾਲਸਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਅਕਾਲੀ ਦਲ (1920) ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ, ਫੈਡਰੇਸ਼ਨ ਆਗੂ ਹਰਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸੀਨੀਅਰ ਵਕੀਲ ਸਿਮਰਨ ਸਿੰਘ, ਸ਼ੇਰੇ ਪੰਜਾਬ ਸਵਰਾਜ ਅਭਿਆਨ ਦੇ ਪ੍ਰਧਾਨ ਕੁਲਦੀਪ ਸਿੰਘ ਵਿਰਕ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਅੰਗਰੇਜ਼ ਸਿੰਘ, ਜਗਵਿੰਦਰ ਸਿੰਘ ਸੇਖ਼ਪੁਰਾ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ ਸੋਹਾਣਾ ਸਮੇਤ ਹੋਰ ਆਗੂ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਚਰਚਾ ਕਰਨ ਮਗਰੋਂ ਜਿਵੇਂ ਹੀ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਵੱਲ ਕੂਚ ਕੀਤਾ ਤਾਂ ਪੁਲੀਸ ਨੇ ਫੇਜ਼-7 ਲਾਲ ਬੱਤੀ ਚੌਕ ’ਤੇ ਇਨ੍ਹਾਂ ਦਾ ਰਾਹ ਡੱਕ ਲਿਆ। ਇਸ ਕਾਰਨ ਸਿੱਖ ਆਗੂ ਸੜਕ ਦੇ ਕਿਨਾਰੇ ਧਰਨਾ ਲਗਾ ਕੇ ਬੈਠ ਗਏ।
ਸਿੱਖਾਂ ਨਾਲ ਬੇਇਨਸਾਫੀ ਦਾ ਦੋਸ਼
ਆਗੂਆਂ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬਰਗਾੜੀ ਮੋਰਚੇ ਦੌਰਾਨ ਮੁੱਖ ਮੰਤਰੀ ਨੇ ਦੋ ਕੈਬਨਿਟ ਸਾਥੀਆਂ ਨੂੰ ਧਰਨੇ ਵਾਲੀ ਥਾਂ ’ਤੇ ਭੇਜ ਕੇ ਬੇਅਦਬੀ ਮਾਮਲਿਆਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਅਸਲ ਮੁਲਜ਼ਮ ਫੜੇ ਨਹੀਂ ਗਏ ਹਨ, ਸਗੋਂ ਕਈ ਰਾਜਸੀ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰ ਲਈ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਹੁਣ ਤੱਕ ਸਿੱਖਾਂ ਨਾਲ ਇਨਸਾਫ਼ ਨਹੀਂ ਕੀਤਾ। ਮੁਸਲਮਾਨਾਂ ਅਤੇ ਹਿੰਦੂਆਂ ਨੂੰ ਆਜ਼ਾਦ ਰਾਜ ਦੇ ਦਿੱਤੇ ਹਨ ਪਰ ਸਿੱਖਾਂ ਨੂੰ ਭਾਰਤ ਅਤੇ ਪਾਕਿ ਵੰਡ ਦੌਰਾਨ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਗਿਆ। 1947 ਦੀ ਵੰਡ ਤੋਂ ਬਾਅਦ ਨਵੰਬਰ 1984 ਦੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕਥਿਤ ਕਾਲੇ ਕਾਨੂੰਨ ਲਾਗੂ ਕਰਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਜ਼ਾਵਾਂ ਭੁਗਤ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।