ਮੁਕੇਸ਼ ਕੁਮਾਰ
ਚੰਡੀਗੜ੍ਹ, 24 ਜੂਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਐਂਟਰੀ ਪੁਆਇੰਟਾਂ ’ਤੇ ਰੋਡ ਸਾਈਨ ਲਗਾਏ ਜਾਣਗੇ। ਇਹ ਫੈਸਲਾ ਅੱਜ ਨਿਗਮ ਦੀ ਸਲੱਮ ਕਲੋਨੀ ਅਤੇ ਪਿੰਡ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਕੌਂਸਲਰ ਭਾਰਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਪਿੰਡਾਂ ਦੇ ਵਿਕਾਸ ਲਈ ਰੱਖੇ ਗਏ ਵਿਸ਼ੇਸ਼ ਬਜਟ ਬਾਰੇ ਚਰਚਾ ਕੀਤੀ ਅਤੇ ਮੀਟਿੰਗ ਦੌਰਾਨ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਕਮੇਟੀ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਪਿੰਡ ਦੇ ਵਿਕਾਸ ਲਈ 25 ਕਰੋੜ ਰੁਪਏ ਦੇ ਬਜਟ ਨਾਲ ਚੱਲ ਰਹੇ ਪ੍ਰਾਜੈਕਟਾਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਕਮੇਟੀ ਮੈਬਰਾਂ ਨੇ ਪਿਛਲੇ ਵਿੱਤੀ ਸਾਲ ਦੌਰਾਨ ਗਰਾਮ ਵਿਕਾਸ ਪ੍ਰਾਜੈਕਟ ਉੱਤੇ ਖਰਚ ਕੀਤੇ ਗਏ 8 ਕਰੋੜ ਦੇ ਵਿਸ਼ੇਸ਼ ਬਜਟ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ। ਕਮੇਟੀ ਮੈਂਬਰਾਂ ਨੇ ਨਿਗਮ ਦੇ ਇੰਜਨੀਅਰਾਂ ਨੂੰ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਲਾਈਨਾਂ ਅਤੇ ਸੀਵਰੇਜ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕਿਹਾ ਅਤੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਨਿਗਰਾਨੀ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣ ਦੀ ਮੰਗ ਕੀਤੀ। ਕਮੇਟੀ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਨੂੰ ਕਮੇਟੀ ਦੀ ਅਜੇ ਮੀਟਿੰਗ ਵਿੱਚ ਪਿੰਡ ਦੀਆਂ ਸਮੱਸਿਆਂਵਾਂ ਬਾਰੇ ਇੱਕ ਖਰੜਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ। ਕਮੇਟੀ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਨੂੰ ਪਿੰਡ ਦੀਆਂ ਸੜਕਾਂ, ਬਿਜਲੀ ਦੇ ਖੰਬਿਆਂ ਦੀਆਂ ਤਾਰਾਂ ਅਤੇ ਸੀਵਰੇਜ ਦੇ ਗੱਟਰਾਂ ਦੇ ਢੱਕਣਾ ਦੀ ਜ਼ਰੂਰੀ ਮੁਰੰਮਤ ਕਰਨ ਲਈ ਕਿਹਾ।