ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 18 ਦਸੰਬਰ
ਫ਼ਰੁਡਨਬਰਗ ਨੋਕ ਫੈਕਟਰੀ ਬਾਸਮਾਂ (ਬਨੂੜ) ਦੀ ਮਜ਼ਦੂਰ ਯੂਨੀਅਨ ਨੇ ਇੱਥੇ ਕਿਰਤ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਪੱਕੇ ਧਰਨੇ ਦੇ 5ਵੇਂ ਦਿਨ ਕਿਰਤ ਵਿਭਾਗ ਦਾ ਪੁਤਲਾ ਸਾੜਿਆ ਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਅੱਜ ਦੱਸਿਆ ਕਿ ਕਿਰਤ ਵਿਭਾਗ ਦੇ ਦਫ਼ਤਰ ਅੱਗੇ 19 ਦਸੰਬਰ ਨੂੰ ਕਨਵੈਨਸ਼ਨ ਕੀਤੀ ਜਾਵੇਗੀ, ਜਿਸ ’ਚ ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਸਯੁੰਕਤ ਕਿਸਾਨ ਮੋਰਚਾ ਦੇ ਆਗੂ ਵੀ ਸ਼ਾਮਲ ਹੋਣਗੇ। ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਨੇ ਕਿਰਤ ਵਿਭਾਗ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਵੱਲੋਂ ਫੈਕਟਰੀ ਕਾਮਿਆਂ ਦੀ ਯੂਨੀਅਨ ਨੂੰ ਰਜਿਸਟਰਡ ਨਾ ਕਰਨਾ ਕਾਮਿਆਂ ਦੇ ਜਮਹੂਰੀ ਹੱਕਾਂ ਉੱਤੇ ਡਾਕਾ ਹੈ। ਯੂਨੀਅਨ ਦੇ ਆਗੂਆਂ ਕਮਲਜੀਤ ਸੈਣੀ, ਧਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਜੇਕਰ ਕਿਸੇ ਮਜ਼ਦੂਰ ਦਾ ਨੁਕਸਾਨ ਹੋਇਆ ਤਾਂ ਉਸ ਲਈ ਕਿਰਤ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।