ਕੁਲਦੀਪ ਸਿੰਘ
ਚੰਡੀਗੜ੍ਹ, 21 ਦਸੰਬਰ
ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀਆਂ ਕਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਤਰੱਕੀਆਂ ਨਾ ਹੋਣ ਕਾਰਨ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਧਰਨਾ ਅੱਜ ਉਸ ਸਮੇਂ ਰੋਸ ਰੈਲੀ ਵਿੱਚ ਤਬਦੀਲ ਹੋ ਗਿਆ ਜਦੋਂ ਪੰਜਾਬ ਐਜੂਕੇਸ਼ਨਿਟਸ ਫੋਰਮ ਦੇ ਬੈਨਰ ਹੇਠ ਪੰਜਾਬ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਸਿੱਖਿਆ ਮਾਹਿਰਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਕਾਲਜਾਂ ਦੇ ਮੌਜੂਦਾ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਸਮੇਤ ਯੂਨੀਵਰਸਿਟੀਆਂ/ਕਾਲਜਾਂ ਦੇ ਸੇਵਾ-ਮੁਕਤ ਅਧਿਆਪਕਾਂ ਨੇ ਧਰਨੇ ਵਿੱਚ ਪਹੁੰਚ ਕੇ ਕੈਸ ਤਹਿਤ ਤਰੱਕੀਆਂ ਦੇ ਮਾਮਲੇ ਸਬੰਧੀ ਭਾਸ਼ਣ ਦਿੱਤੇ ਅਤੇ ਪੀਯੂ ਵਿੱਚ ਸੈਨੇਟ ਦੀਆਂ ਚੋਣਾਂ ਅਤੇ ਸਿੰਡੀਕੇਟ ਦੀ ਮੀਟਿੰਗ ਨਾ ਕਰਵਾਏ ਜਾਣ ਖ਼ਿਲਾਫ਼ ਉਪ-ਕੁਲਪਤੀ ਵਿਰੁੱਧ ਬਿਆਨ ਦਿੱਤੇ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਅਤੇ ਵਾਈਸ ਪ੍ਰਧਾਨ ਸੁਪਿੰਦਰ ਕੌਰ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਐਜੂਕੇਸ਼ਨਿਸਟਸ ਫੋਰਮ ਦੇ ਪ੍ਰਧਾਨ ਡਾ. ਤਰਸੇਮ ਬਾਹੀਆ, ਜ਼ੋਨਲ ਸਕੱਤਰ ਡਾ. ਸ਼ਿਵਇੰਦਰਪਾਲ ਸਿੰਘ, ਐਡੀਸ਼ਨਲ ਡਾਇਰੈਕਟਰ (ਕਾਲਜਿਜ਼ ਪੰਜਾਬ) ਡਾ. ਪ੍ਰਦੀਪ ਸਿੰਘ ਬਾਜਵਾ, ਗੌਰਮਿੰਟ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਜੈਪਾਲ ਸਿੰਘ, ਐੱਸ.ਜੀ.ਜੀ.ਐੱਸ. ਕਾਲਜ ਚੰਡੀਗੜ੍ਹ ਤੋਂ ਡਾ. ਗੁਰਮੇਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਦੇ ਅਧਿਆਪਕ ਵਿਰੋਧੀ ਰਵੱਈਏ ਨੂੰ ਤਾਨਾਸ਼ਾਹੀ ਗਰਦਾਨਿਆ ਅਤੇ ਕਿਹਾ ਕਿ ਅਧਿਆਪਕ ਵਰਗ ਇਸ ਰਵੱਈਏ ਨੂੰ ਬਰਦਾਸ਼ਤ ਨਹੀਂ ਕਰੇਗਾ।
ਡਾ. ਬਾਹੀਆ ਨੇ ਪੰਜਾਬ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਉੱਤੇ ਪੀਯੂ ਕੈਲੰਡਰ ਦੀ ਉਲੰਘਣਾ ਕਰਦਿਆਂ ਲੋਕਤੰਤਰੀ ਢਾਂਚੇ ਨੂੰ ਤਹਿਸ-ਨਹਿਸ ਕੀਤੇ ਜਾਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਅਤੇ ਸਿੰਡੀਕੇਟ ਦੀ ਮੀਟਿੰਗ ਤੁਰੰਤ ਕਰਵਾਈ ਜਾਵੇ। ਇਸੇ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਚਿੰਤਕਾਂ ਨੇ ਪੂਟਾ ਕਾਰਜਕਾਰਨੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੀਯੂ ਅਧਿਆਪਕਾਂ ਨਾਲ ਕਿਸੇ ਕਿਸਮ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਹੋਵੇਗੀ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਧਰਨੇ ਵਿੱਚ ਸ਼ਾਮਿਲ ਹੋਏ ਸਮੂਹ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪੀਯੂ ਦੇ ਮਸਲਿਆਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਲਈ ਪੂਟਾ ਕਾਰਜਕਾਰਨੀ ਪਿਛਲੇ 32 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ।
ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਮਿਤੀ ਵਧਾਈ
ਪੰਜਾਬ ਯੂਨੀਵਰਸਿਟੀ ਨੇ ਬੀ.ਐੱਡ. ਅਤੇ ਐੱਮ.ਐੱਡ. ਦੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀਆਂ ਤਰੀਕਾਂ ਵਿੱਚ ਵਾਧਾ ਕੀਤਾ ਹੈ। ਪੀਯੂ ਪ੍ਰਸ਼ਾਸਨ ਅਨੁਸਾਰ ਹੁਣ 8 ਜਨਵਰੀ, 2021 ਤੱਕ ਪ੍ਰੀਖਿਆ ਫਾਰਮ ਬਿਨਾਂ ਲੇਟ ਫ਼ੀਸ ਤੋਂ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਦੋਂਕਿ 2075 ਰੁਪਏ ਲੇਟ ਫ਼ੀਸ ਨਾਲ 15 ਜਨਵਰੀ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸੇ ਤਰ੍ਹਾਂ 6075 ਰੁਪਏ ਲੇਟ ਫ਼ੀਸ ਨਾਲ 22 ਜਨਵਰੀ ਤੱਕ, 11,075 ਰੁਪਏ ਲੇਟ ਫੀਸ ਨਾਲ 29 ਜਨਵਰੀ ਤੱਕ ਅਤੇ 22,075 ਰੁਪਏ ਲੇਟ ਫ਼ੀਸ ਨਾਲ 5 ਫ਼ਰਵਰੀ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।