ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 24 ਨਵੰਬਰ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰਾਂ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿੱਖਿਆ ਸਕੱਤਰ ਅਤੇ ਡੀਪੀਆਈ ਦਫ਼ਤਰਾਂ ਦੀ ਘੇਰਾਬੰਦੀ ਜਾਰੀ ਰੱਖਦਿਆਂ ਸਿੱਖਿਆ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਕਾਰਨ ਕੋਈ ਸਿੱਖਿਆ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਨਹੀਂ ਜਾ ਸਕਿਆ। ਕੱਚੇ ਅਧਿਆਪਕ ਸੋਮਵਾਰ ਤੋਂ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਆਪਣੇ ਪਰਿਵਾਰਾਂ ਸਣੇ ਮੁਹਾਲੀ ਵਿੱਚ ਧਰਨੇ ’ਤੇ ਡਟੇ ਹੋਏ ਹਨ। ਉਧਰ, ਸਿੱਖਿਆ ਭਵਨ ਦੇ ਬਾਹਰ ਪਹਿਲਾਂ ਤੋਂ ਚੱਲ ਰਿਹਾ ਸ਼ਾਂਤਮਈ ਲੜੀਵਾਰ ਧਰਨਾ ਅੱਜ 162ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ ਅਤੇ ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਸੰਗਰੂਰ, ਸਤਿੰਦਰ ਸਿੰਘ ਕੰਗ ਅਤੇ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਗੇਟ ਬੰਦ ਰੱਖੇ ਜਾਣਗੇ ਅਤੇ ਐਤਵਾਰ ਤੱਕ ਧਰਨਾ ਜਾਰੀ ਰਹੇਗਾ।
ਮੁੱਖ ਮੰਤਰੀ ਨਾਲ ਨਹੀਂ ਹੋ ਸਕੀ ਮੀਟਿੰਗ: ਮੁਹਾਲੀ ਪ੍ਰਸ਼ਾਸਨ ਨੇ ਬੀਤੇ ਕੱਲ੍ਹ ਕੱਚੇ ਅਧਿਆਪਕ ਯੂਨੀਅਨ ਦੇ ਮੋਹਰੀ ਆਗੂਆਂ ਦੀ ਬੁੱਧਵਾਰ ਨੂੰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ। ਬਾਅਦ ਵਿੱਚ ਆਗੂਆਂ ਦੀ ਸਿੱਖਿਆ ਸਕੱਤਰ ਅਜੋਏ ਸ਼ਰਮਾ ਨਾਲ ਮੀਟਿੰਗ ਕਰਵਾਈ ਗਈ। ਇਸੇ ਦੌਰਾਨ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਹੇਠ ਚਾਰ ਕੱਚੇ ਅਧਿਆਪਕ ਮਿੰਨੀ ਸਕੱਤਰੇਤ ਦੀ ਛੱਤ ’ਤੇ ਚੜ੍ਹ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਕਾਰਨ ਯੂਟੀ ਪੁਲੀਸ ਨੂੰ ਭਾਜੜਾਂ ਪੈ ਗਈਆਂ। ਬਾਅਦ ਵਿੱਚ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਸੈਕਟਰ-3 ਦੇ ਥਾਣੇ ਲੈ ਗਈ। ਸੂਚਨਾ ਮਿਲਣ ’ਤੇ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ ਤੇ ਦਵਿੰਦਰ ਸਿੰਘ ਸੰਧੂ ਅਤੇ ਹੋਰ ਆਗੂ ਵੀ ਉੱਥੇ ਪਹੁੰਚ ਗਏ।
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮਿਆਂ ਦਾ ਧਰਨਾ ਜਾਰੀ
ਸਰਵ ਸਿੱਖਿਆ ਅਭਿਆਨ/ਮਿਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਅਸੀਸ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਪ੍ਰਵੀਨ ਸ਼ਰਮਾ, ਹਰਪ੍ਰੀਤ ਸਿੰਘ ਅਤੇ ਦਵਿੰਦਰਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਕੱਚੇ ਦਫ਼ਤਰੀ ਕਾਮਿਆਂ ਦਾ ਅੱਜ ਸਿੱਖਿਆ ਭਵਨ ਦੇ ਬਾਹਰ ਸੂਬਾ ਪੱਧਰੀ ਰੋਸ ਧਰਨਾ ਜਾਰੀ ਰਿਹਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਸੀ ਪਰ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ। ਸ਼ਾਮ ਨੂੰ ਸਿੱਖਿਆ ਸਕੱਤਰ ਅਜੋਏ ਸ਼ਰਮਾ ਨਾਲ ਮੀਟਿੰਗ ਕਰਵਾਈ ਗਈ ਤੇ ਉਨ੍ਹਾਂ ਕਿਹਾ ਕਿ ਨਵੀਂ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਿੱਚ ਕੱਚੇ ਕਾਮਿਆਂ ਦਾ ਮਾਮਲਾ ਵਿਚਾਰਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਦੱਸਿਆ ਕਿ 25 ਨਵੰਬਰ ਨੂੰ ਮੁਹਾਲੀ ਧਰਨੇ ਵਿੱਚ ਦਫ਼ਤਰੀ ਸਟਾਫ਼ ਦੀਆਂ 11 ਲੜਕੀਆਂ ਵੱਲੋਂ 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ।