ਮੁਕੇਸ਼ ਕੁਮਾਰ
ਚੰਡੀਗੜ੍ਹ, 7 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਗਿੱਲਾ ਤੇ ਸੁੱਕਾ ਕੂੜਾ ਸਰੋਤ ਪੱਧਰ ਤੋਂ ਵੱਖ-ਵੱਖ ਇਕੱਤਰ ਕਰਨ ਸਬੰਧੀ ਲਾਗੂ ਕੀਤੀ ਯੋਜਨਾ ਦੇ ਸਬੰਧ ’ਚ ਡੋਰ ਟੂ ਡੋਰ ਗਾਰਬੇਜ ਕੁਲੈਕਟਰਜ਼ ਸੁਸਾਇਟੀ ਨੇ ਨਗਰ ਨਿਗਮ ’ਤੇ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ।
ਇਸ ਮੌਕੇ ਸਰਬ ਭਾਰਤੀ ਮਜ਼ਦੂਰ ਸੰਗਠਨ ਬ੍ਰਾਂਚ ਦੀ ਡੋਰ ਟੂ ਡੋਰ ਗਾਰਬੇਜ ਕੁਲੈਕਟਰਜ਼ ਸੁਸਾਇਟੀ ਦੇ ਪ੍ਰਧਾਨ ਸ਼ਮਸ਼ੇਰ ਲੋਟੀਆ ਅਤੇ ਸਕੱਤਰ ਰਾਮਪਾਲ ਬਿੜਲਾ ਨੇ ਦੱਸਿਆ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਾਗੂ ਕੀਤੀ ਗਈ ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਯੋਜਨਾ ਮੁਤਾਬਕ ਕੀਤੇ ਸਮਝੌਤੇ ਅਨੁਸਾਰ ਕਾਮਿਆਂ ਨੂੰ ਤੈਅ ਕੀਤਾ ਗਿਆ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਉਲਟ ਨਿਗਮ ਵੱਲੋਂ ਉਨ੍ਹਾਂ ’ਤੇ ਐੱਫਆਈਆਰ ਦਰਜ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਖ਼ਿਲਾਫ਼ ਡੋਰ ਟੂ ਡੋਰ ਗਾਰਬੇਜ ਕੁਲੈਕਟਰਾਂ ਨੇ ਨਿਗਮ ਦਫ਼ਤਰ ਦੇ ਭਵਨ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਸੈਕਟਰ 21 ਵਿੱਚ ਕੂੜਾ ਇਕੱਤਰ ਕਰ ਰਹੀਆਂ ਨਿਗਮ ਦੀਆਂ ਗੱਡੀਆਂ ਦਾ ਘਿਰਾਉ ਵੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਇਨਸਾਫ਼ ਨਹੀਂ ਕਰਦਾ ਤਾਂ ਉਨ੍ਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਕੂੜਾ ਇਕੱਤਰ ਕਰਨ ਵਾਲੀਆਂ ਨਿਗਮ ਦੀਆਂ ਗੱਡੀਆਂ ਨੂੰ ਕੂੜਾ ਚੁੱਕਣ ਨਹੀਂ ਦਿੱਤਾ ਜਾਵੇਗਾ ਅਤੇ ਉਹ ਪਹਿਲਾਂ ਵਾਂਗ ਆਪਣੀਆਂ ਰੇਹੜੀਆਂ ਰਾਹੀਂ ਕੂੜਾ ਇਕੱਤਰ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਵੱਲੋਂ ਕਿਸਾਨਾਂ ਵਾਂਗ ਇੱਥੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਪੱਕੇ ਤੌਰ ’ਤੇ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ।
ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਵੀ ਸੰਘਰਸ਼ ਦੇ ਰੌਂਅ ’ਚ
ਨਗਰ ਨਿਗਮ ਵੱਲੋਂ ਸ਼ਹਿਰ ਦੇ ਦੱਖਣੀ ਸੈਕਟਰਾਂ ਦੀ ਤਰਜ਼ ‘ਤੇ ਸੈਕਟਰ 1 ਤੋਂ ਸੈਕਟਰ 30 ਦੀ ਸਫ਼ਾਈ ਵਿਵਸਥਾ ਵੀ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਦੀ ਸੂਚਨਾ ਮਿਲਣ ‘ਤੇ ਸੈਕਟਰ 17 ਵਿੱਚ ਚੰਡੀਗੜ੍ਹ ਨਗਰ ਨਿਗਮ ਦੀ ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇਸ ਯੋਜਨਾ ਦਾ ਵਿਰੋਧ ਕੀਤਾ। ਕਮੇਟੀ ਪ੍ਰਧਾਨ ਕ੍ਰਿਸ਼ਣ ਕੁਮਾਰ ਚੱਢਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਮੇਟੀ ਨੇ ਨਗਰ ਨਿਗਮ ਨੂੰ ਇਸ ਬਾਰੇ ਮਤਾ ਤਿਆਰ ਕਰਨ ਦੇ ਫ਼ੈਸਲੇ ਨੂੰ ਰੱਦ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਿਗਮ ਨੇ ਆਪਣਾ ਫੈ਼ੈਸਲਾ ਵਾਪਸ ਨਾ ਲਿਆ ਤਾਂ ਸਫ਼ਾਈ ਕਰਮਚਾਰੀ 23 ਜੁਲਾਈ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਨਗੇ।