ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 14 ਅਗਸਤ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਵਿੱਚ ਪੰਜਾਬ ਰਾਜ ਮੈਡੀਕਲ ਕਾਲਜ, ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਅਧੀਨ ਬਣਾਏ 100 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦਾ ਉਦਘਾਟਨ ਕੀਤਾ। ਡੀਸੀ ਗਿਰੀਸ਼ ਦਿਆਲਨ ਤੇ ਐੱਸਐੱਸਪੀ ਸਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਰਕਾਰੀ ਹਸਪਤਾਲ ਫੇਜ਼-6 ਵਿੱਚ ਕਰਵਾਏ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ, ਜਦੋਂਕਿ ਬਾਕੀ 9 ਪ੍ਰਾਜੈਕਟਾਂ ਤੇ ਸੇਵਾਵਾਂ ਦੀ ਸ਼ੁਰੂਆਤ ਵਰਚੂਅਲ ਮਾਧਿਅਮ ਰਾਹੀਂ ਕੀਤੀ। ਇਨ੍ਹਾਂ ਵਿੱਚ ਜਨਮ ਤੇ ਮੌਤ ਦੀਆਂ ਘਟਨਾਵਾਂ ਦੀ ਆਨਲਾਈਨ ਪੋਰਟਲ ਰਾਹੀਂ ਜਾਣਕਾਰੀ ਦੇਣ ਤੇ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀ ਪ੍ਰਾਪਤੀ ਪ੍ਰਾਈਵੇਟ ਹਸਪਤਾਲਾਂ ਰਾਹੀਂ ਕਰਨ ਦੀ ਸਹੂਲਤ, ਪਰਵਾਸੀ ਭਾਰਤੀ ਸੈੱਲ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ ਆਦਿ ਸਹੂਲਤਾਂ ਸ਼ਾਮਲ ਹਨ।