ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 6 ਫਰਵਰੀ
ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੁੰਭੜਾ ਅਤੇ ਆਈਟੀ ਸੈਕਟਰ ਵਿਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਇਸਾਈ ਭਾਈਚਾਰੇ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਸਿੱਧੂ ਨੇ ਵਿਕਾਸ ਦੇ ਨਾਂ ਉੱਤੇ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੁਹਾਲੀ ਹਲਕੇ ’ਚ ਜਿੰਨੇ ਵਿਕਾਸ ਕੰਮ ਹੋਏ ਹਨ, ਇੰਨੇ ਕੰਮ ਪਿਛਲੇ ਸੱਤਰ ਸਾਲ ਦੌਰਾਨ ਨਹੀਂ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਦੁਬਾਰਾ ਕਾਂਗਰਸ ਸਰਕਾਰ ਬਣੇਗੀ ਅਤੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਿੱਧੂ ਨੇ ‘ਆਪ’ ਅਤੇ ਅਕਾਲੀ ਉਮੀਦਵਾਰਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਗਰਦਾਨਦਿਆਂ ਕਿਹਾ ਕਿ ‘ਆਪ’ ਦਲ ਬਦਲੂਆਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂਆਂ ਇਮੈਨੂਅਲ ਨਾਹਰ, ਪ੍ਰਧਾਨ ਅਨਿਲ ਰਾਏ ਆਦਿ ਨੇ ਬਲਬੀਰ ਸਿੱਧੂ ਨੂੰ ਸਮਰਥਨ ਦਾ ਭਰੋਸਾ ਦਿੱਤਾ।