ਸਰਬਜੀਤ ਸਿੰਘ ਭੱਟੀ
ਲਾਲੜੂ, 19 ਫਰਵਰੀ
ਹਲਕਾ ਡੇਰਾਬਸੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐੱਨ ਕੇ ਸ਼ਰਮਾ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਘਰ-ਘਰ ਜਾ ਕੇ ਲੋਕਾਂ ਨਾਲ ਨਿੱਜੀ ਤੌਰ ’ਤੇ ਰਾਬਤਾ ਕਾਇਮ ਕੀਤਾ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬਸੀ ਉਨ੍ਹਾਂ ਦੀ ਜਨਮ ਤੇ ਕਰਮ ਭੂਮੀ ਹੈ ਤੇ ਹਲਕੇ ਦੇ ਲੋਕਾਂ ਨਾਲ ਉਨ੍ਹਾਂ ਦੇ ਰਾਜਨੀਤਕ ਨਹੀਂ ਬਲਕਿ ਪਰਿਵਾਰਕ ਸਬੰਧ ਹਨ ਜਿਸ ਦੇ ਕਾਰਨ ਹੀ ਉਨ੍ਹਾ ਨੂੰ ਹਲਕਾ ਵਾਸੀਆਂ ਨੇ ਦੋ ਵਾਰ ਵਿਧਾਇਕ ਚੁਣ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ ਤੇ ਹੁਣ ਤੀਜੀ ਵਾਰੀ ਵੀ ਵੱਡਾ ਫਤਵਾ ਦੇ ਕੇ ਵਿਧਾਨ ਸਭਾ ਭੇਜਣਗੇ। ਉਨ੍ਹਾਂ ਹਰ ਵਰਗ ਦੇ ਲੋਕਾਂ ਤੋਂ ਸਮਰਥਨ ਦੀ ਅਪੀਲ ਕੀਤੀ।
ਐਸ.ਏ.ਐਸ.ਨਗਰ(ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਚੋਣ ਪ੍ਰਚਾਰ ਦੀ ਸਮਾਪਤੀ ਮਗਰੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ, ਉਨ੍ਹਾਂ ਦੇ ਭਰਾ ਮੇਅਰ ਜੀਤੀ ਸਿੱਧੂ, ਪੁੱਤਰ ਰੂਬੀ ਸਿੱਧੂ, ਪਤਨੀ ਦਲਜੀਤ ਕੌਰ ਸਿੱਧੂ, ਭਰਜਾਈ ਜਤਿੰਦਰ ਕੌਰ ਅਤੇ ਨੂੰਹ ਏਕਨੂਰ ਕੌਰ ਨੇ ਅੱਜ ਆਪੋ-ਆਪਣੇ ਪੱਧਰ ਉੱਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰ ਵਿੱਚ ਰਾਬਤਾ ਕਾਇਮ ਕੀਤਾ। ਉਨ੍ਹਾਂ ਵੋਟਾਂ ਵਾਲੇ ਦਿਨ ਲਈ ਵੱਧ ਤੋਂ ਵੱਧ ਵੋਟਾਂ ਭੁਗਤਾਣ, ਪੋਲਿੰਗ ਬੂਥ ਲਗਾਉਣ, ਵੋਟਰ ਸੂਚੀਆਂ ਅਤੇ ਲੋੜੀਂਦੀ ਪੋਲਿੰਗ ਸਮੱਗਰੀ ਦੇ ਬਸਤੇ ਮੁਹੱਈਆ ਕਰਾਉਣ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇਸੇ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ਵ ਜੈਨ, ਕੌਂਸਲਰ ਰਵਿੰਦਰ ਸਿੰਘ, ਰਿੰਮੀ ਭੰਵਰਾ, ਸੀਨੀਅਰ ਪਾਰਟੀ ਆਗੂ ਗੁਰਚਰਨ ਸਿੰਘ ਭੰਵਰਾ, ਚੌਧਰੀ ਹਰਨੇਕ ਸਿੰਘ ਸਨੇਟਾ, ਦੀਪ ਚੰਦ ਗੋਬਿੰਦਗੜ੍ਹ, ਅਮਰਜੀਤ ਸਿੰਘ ਸੁਖਗੜ੍ਹ, ਭਗਤ ਸਿੰਘ ਨਾਮਧਾਰੀ, ਗੁਰਮੇਲ ਸਿੰਘ ਮਨੌਲੀ, ਗੁਰਿੰਦਰ ਸਿੰਘ ਖਟੜਾ ਦੈੜੀ ਅਤੇ ਦਰਜਨ ਤੋਂ ਵੱਧ ਸਰਪੰਚਾਂ ਨੇ ਮੁਹਾਲੀ ਹਲਕੇ ਦੇ ਵੋਟਰਾਂ ਨੂੰ ਬਲਬੀਰ ਸਿੰਘ ਸਿੱਧੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਮੋਬਾਈਲਾਂ ਰਾਹੀਂ ਕੀਤਾ ਉਮੀਦਵਾਰਾਂ ਨੇ ਚੋਣ ਪ੍ਰਚਾਰ
ਬਨੂੜ: ਚੋਣ ਪ੍ਰਚਾਰ ਖਤਮ ਹੋਣ ਮਗਰੋਂ ਸਮੁੱਚੀਆਂ ਪਾਰਟੀਆਂ ਦੇ ਉਮੀਦਵਾਰ ਮੋਬਾਈਲਾਂ ਰਾਹੀਂ ਵੋਟਰਾਂ ਨਾਲ ਰਾਬਤਾ ਕਰ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਲਈ ਪ੍ਰੇਰਦੇ ਰਹੇ, ਆਪਣੇ ਸਮਰਥਕਾਂ ਨੂੰ ਵੱਧ ਤੋਂ ਵੱਧ ਵੋਟਾਂ ਭੁਗਤਾਏ ਜਾਣ ਦੀ ਤਾਕੀਦ ਕਰਦੇ ਰਹੇ ਤੇ ਵੋਟਾਂ ਸਬੰਧੀ ਪਲ-ਪਲ ਦੀ ਜਾਣਕਾਰੀ ਲੈਂਦੇ ਰਹੇ। ਸਮੁੱਚੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ