ਹਰਜੀਤ ਸਿੰਘ
ਜ਼ੀਰਕਪੁਰ, 8 ਦਸੰਬਰ
ਇਥੋਂ ਦੀ ਪਟਿਆਲਾ ਰੋਡ ’ਤੇ ਬਾਲਾ ਜੀ ਨਗਰ ਦੇ ਮੇਨ ਗੇਟ ਦੇ ਨੇੜੇ ਬੀਤੇ ਦਿਨ ਦੋ ਮੰਜ਼ਿਲਾ ਸ਼ੋਅਰੂਮ ਡਿੱਗਣ ਦੇ ਮਾਮਲੇ ਵਿੱਚ ਪੁਲੀਸ ਨੇ ਬੇਸਮੈਂਟ ਦੀ ਖੁਦਾਈ ਕਰਵਾਉਣ ਵਾਲੇ ਪ੍ਰਾਪਰਟੀ ਕਾਰੋਬਾਰੀ ਜੋਤੀ ਸਿਧਾਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਦੋ ਮੰਜ਼ਿਲਾ ਸ਼ੋਅਰੂਮ ਦੇ ਨਾਲ ਪ੍ਰਾਪਰਟੀ ਕਾਰੋਬਾਰੀ ਜੋਤੀ ਸਿਧਾਣਾ ਵੱਲੋਂ ਬੀਤੇ ਦਿਨੀਂ ਬਿਨਾਂ ਮਨਜ਼ੂਰੀ ਦੇ ਗਲਤ ਢੰਗ ਨਾਲ ਬੇਸਮੈਂਟ ਦੀ ਖੁਦਾਈ ਕਰਵਾਈ ਜਾ ਰਹੀ ਸੀ ਤੇ ਮਜ਼ਦੂਰਾਂ ਨੇ ਸ਼ੋਅਰੂਮ ਦੀ ਨੀਂਹ ਦੇ ਨਾਲੋਂ ਮਿੱਟੀ ਬਿਲਕੁੱਲ ਲਾਹ ਦਿੱਤੀ। ਸਿੱਟੇ ਵਜੋਂ ਗੁਰਪ੍ਰੀਤ ਸਿੰਘ ਦਾ ਸ਼ੋਅਰੂਮ ਢਹਿਢੇਰੀ ਹੋ ਗਿਆ। ਸ਼ੋਅਰੂਮ ਵਿੱਚ ਕੈਮਿਸਟ ਅਤੇ ਵਕੀਲ ਦਾ ਦਫਤਰ ਸੀ। ਇਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਜੋਤੀ ਸਿਧਾਣਾ ਵੱਲੋਂ ਇਮਾਰਤ ਦੀ ਉਸਾਰੀ ਲਈ ਬੇਸਮੈਂਟ ਦੀ ਖੁਦਾਈ ਸਮੇਂ ਲਾਪ੍ਰਵਾਹੀ ਵਰਤੀ ਗਈ ਹੈ ਜਿਸ ਕਾਰਨ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਵਧਦੀਆਂ ਜਾ ਰਹੀਆਂ ਹਨ। ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ ਤੇ ਹਾਲ ਹੀ ਵਿੱਚ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ ਸੀ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਕਿਹਾ ਕਿ ਨਾਜਾਇਜ਼ ਉਸਾਰੀ ਸਬੰਧੀ ਸ਼ਿਕਾਇਤ ਮਿਲਣ ’ਤੇ ਹਰ ਡਿਫਾਲਟਰ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤੇ ਕੰਮ ਨੂੰ ਬੰਦ ਕਰਵਾਇਆ ਜਾਂਦਾ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।