ਕਰਮਜੀਤ ਸਿੰਘ ਚਿੱਲਾ
ਬਨੂੜ, 14 ਸਤੰਬਰ
ਬਨੂੜ ਖੇਤਰ ਵਿੱਚ ਵੱਡੀ ਪੱਧਰ ਉੱਤੇ ਆਲੂ ਦੀ ਕਾਸ਼ਤ ਹੁੰਦੀ ਹੈ ਅਤੇ ਅਗੇਤੇ ਆਲੂ ਦੀ ਬਿਜਾਈ ਆਰੰਭ ਹੋ ਗਈ ਹੈ ਪਰ ਡੀਏਪੀ ਖਾਦ ਦੀ ਕਿੱਲਤ ਨੇ ਕਾਸ਼ਤਕਾਰਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਸਮੁੱਚੇ ਖੇਤਰ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਡਾਇਆ ਖਾਦ ਆਊਟ ਆਫ਼ ਸਟਾਕ ਚੱਲ ਰਿਹਾ ਹੈ ਤੇ ਪ੍ਰਾਈਵੇਟ ਦੁਕਾਨਦਾਰਾਂ ਕੋਲ ਵੀ ਡੀਏਪੀ ਦੀ ਤੋਟ ਚੱਲ ਰਹੀ ਹੈ।
ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾਂ, ਮੋਹਣ ਸਿੰਘ ਸੋਢੀ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੱਤਪਾਲ ਰਾਜੋਮਾਜਰਾ, ਜਾਗੀਰ ਸਿੰਘ ਢਿਲੋਂ, ਕਾਮਰੇਡ ਹਰੀ ਚੰਦ, ਜੋਗਿੰਦਰ ਸਿੰਘ ਬੂਟਾ ਸਿੰਘ ਵਾਲਾ ਅਤੇ ਹਰਦਿੱਤ ਸਿੰਘ ਧਰਮਗੜ੍ਹ ਆਦਿ ਦੀ ਅਗਵਾਈ ਹੇਠਲੇ ਵਫ਼ਦ ਨੇ ਬਨੂੜ ਦੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਡੀਏਪੀ ਖਾਦ ਦੀ ਕਮੀ ਦੂਰ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਇਸ ਗੱਲ ਉੱਤੇ ਸਖਤ ਇਤਰਾਜ਼ ਪ੍ਰਗਟਾਇਆ ਕਿ ਸਹਿਕਾਰੀ ਸਭਾਵਾਂ ਵਿੱਚ ਡਾਇਆ ਖਾਦ ਦਾ ਕੋਟਾ 80 ਫ਼ੀਸਦੀ ਤੋਂ ਘਟਾ ਕੇ ਪੰਜਾਹ ਫ਼ੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਸਹਿਕਾਰੀ ਸਭਾਵਾਂ ਅਤੇ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਡੀਏਪੀ ਖਾਦ ਦੀ ਵੰਡ ਪਹਿਲਾਂ ਵਾਂਗ ਹੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਖਾਦ ਤੁਰੰਤ ਮੁਹੱਈਆ ਨਾ ਕਰਾਈ ਗਈ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਖੇਤ ਮਜ਼ਦੂਰਾਂ ਅਤੇ ਬੇ-ਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਮੇਂ ਵਿਆਜ ਦੀ ਰਾਸ਼ੀ ਭਰਾਏ ਜਾਣ ਦਾ ਵੀ ਵਿਰੋਧ ਕੀਤਾ।
ਸਹਿਕਾਰੀ ਸਭਾਵਾਂ ਨੂੰ ਡੀਏਪੀ ਜਲਦ ਮਿਲਣ ਦੀ ਸੰਭਾਵਨਾ
ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਕਰਮਚਾਰੀਆਂ ਦੀ ਯੂਨੀਅਨ ਦੇ ਪ੍ਰਧਾਨ ਅਤੇ ਹੁਲਕਾ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਨੇ ਮੰਨਿਆ ਕਿ ਬਨੂੜ ਖੇਤਰ ਦੀ ਕਿਸੇ ਵੀ ਸੁਸਾਇਟੀ ਵਿੱਚ ਹਾਲੇ ਡੀਏਪੀ ਖਾਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਬਾਕਾਇਦਾ ਡਿਮਾਂਡ ਭੇਜੀ ਗਈ ਹੈ ਤੇ ਅਗਲੇ ਕੁੱਝ ਦਿਨਾਂ ਤੱਕ ਖਾਦ ਪਹੁੰਚਣ ਦੀ ਸੰਭਾਵਨਾ ਹੈ।