ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਜੂਨ
ਅਮਰੀਕੀ ਡਾਲਰਾਂ ਦੀ ਚਕਾਚੌਂਧ ਵਿੱਚ ਸ਼ਹਿਰ ਦੇ ਕਈ ਦੁਕਾਨਦਾਰਾਂ ਨੇ ਆਪਣੀ ਮਿਹਨਤ ਦੇ ਲੱਖਾਂ ਰੁਪਏ ਗੁਆ ਲਏ ਹਨ। ਮੁਹਾਲੀ ਪੁਲੀਸ ਨੇ ਲੋਕਾਂ ਨਾਲ ਅਜਿਹੀਆਂ ਠੱਗੀਆਂ ਮਾਰਨ ਦੇ ਦੋਸ਼ ਤਹਿਤ ਦੋ ਵਿਅਕਤੀਆਂ ਨੂੰ ਇੱਥੋਂ ਦੇ ਸੈਕਟਰ-66 ’ਚੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 43 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮ ਜ਼ਿਆਦਾਤਰ ਬਜ਼ੁਰਗ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਗੱਲ ਦਾ ਖੁਲਾਸਾ ਥਾਣਾ ਫੇਜ਼-11 ਦੇ ਐੱਸਐੱਚਓ ਜਗਦੀਪ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਇਕ ਦੁਕਾਨਦਾਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਤਾਕ ਵਿੱਚ ਆਏ ਵਿਜੈ ਕੁਮਾਰ ਵਾਸੀ ਮੁਰਾਦਾਬਾਦ (ਯੂਪੀ) ਅਤੇ ਲਾਲ ਚੰਦ ਅਲੀ ਵਾਸੀ ਆਸਾਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਹ ਦੋ ਦੁਕਾਨਦਾਰਾਂ ਗੁਰਨਾਮ ਸਿੰਘ (60) ਅਤੇ ਰਾਜੇਸ਼ ਕੁਮਾਰ (55) ਨਾਲ ਕਥਿਤ ਤੌਰ ’ਤੇ ਛੇ ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ।
ਸ੍ਰੀ ਬਰਾੜ ਨੇ ਦੱਸਿਆ ਕਿ ਮੁਲਜ਼ਮ ਸੈਕਟਰ-66 ਵਿੱਚ ਇਕ ਹੋਰ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਸੀ ਕਿ ਪੁਲੀਸ ਦੇ ਹੱਥ ਚੜ੍ਹ ਗਏ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਮੁਲਜ਼ਮ ਖ਼ਿਲਾਫ਼ ਧਾਰਾ 420, 120ਬੀ ਅਤੇ 34 ਅਧੀਨ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਮੈਡੀਕਲ ਅਤੇ ਕਰੋਨਾ ਟੈੱਸਟ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਸ ਧੰਦੇ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਮੁਲਜ਼ਮ ਹੁਣ ਤੱਕ ਕਿੰਨੇ ਲੋਕਾਂ ਨੂੰ ਲੁੱਟ ਚੁੱਕੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਹੋਰ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਮਿਲਣ ਦੀ ਸੰਭਾਵਨਾ ਹੈ ਜਿਨ੍ਹਾਂ ਬਾਰੇ ਪੁਲੀਸ ਵੰਲੋਂ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਨੇ ਸਾਜ਼ਿਸ਼ ਨੂੰ ਕੀਤਾ ਬੇਨਕਾਬ
ਥਾਣਾ ਮੁਖੀ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਸਾਜ਼ਿਸ਼ ਤਹਿਤ ਪੀੜਤ ਦੁਕਾਨਦਾਰਾਂ ਤੋਂ ਸਾਮਾਨ ਖ਼ਰੀਦਣ ਤੋਂ ਬਾਅਦ ਡਾਲਰਾਂ ਨਾਲ ਪੈਸਿਆਂ ਦਾ ਭੁਗਤਾਨ ਕਰਨ ਨੂੰ ਕਹਿੰਦੇ ਸਨ। ਮੁਲਜ਼ਮਾਂ ਨੇ ਗੁਰਨਾਮ ਸਿੰਘ ਅਤੇ ਰਾਜੇਸ਼ ਕੁਮਾਰ ਨੂੰ ਕਹਿ ਕੇ ਆਪਣੇ ਝਾਂਸੇ ਵਿੱਚ ਲੈ ਲਿਆ ਕਿ ਉਨ੍ਹਾਂ ਕੋਲ ਅਜਿਹੇ ਅਮਰੀਕੀ ਡਾਲਰ ਬਹੁਤ ਹਨ ਪਰ ਕੋਈ ਉਨ੍ਹਾਂ ’ਤੇ ਭਰੋਸਾ ਨਹੀਂ ਕਰਦਾ ਹੈ। ਇਹ ਸੁਣ ਕੇ ਦੁਕਾਨਦਾਰ ਲਾਲਚ ਵਿੱਚ ਆ ਗਏ। ਮੁਲਜ਼ਮਾਂ ਨੇ ਗੁਰਨਾਮ ਸਿੰਘ ਤੋਂ ਸਾਢੇ ਤਿੰਨ ਲੱਖ ਅਤੇ ਰਾਜੇਸ਼ ਤੋਂ ਢਾਈ ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਅਮਰੀਕੀ ਡਾਲਰਾਂ ਦੇ ਸੀਲਬੰਦ ਪੈਕਟ ਦੇ ਦਿੱਤੇ। ਜਦੋਂ ਦੁਕਾਨਦਾਰਾਂ ਨੇ ਪੈਕਟ ਖੋਲ੍ਹੇ ਤਾਂ ਉਨ੍ਹਾਂ ’ਚੋਂ ਡਾਲਰਾਂ ਦੀ ਥਾਂ ਅਖ਼ਬਾਰੀ ਪੰਨਿਆਂ ਦੇ ਟੁਕੜੇ ਨਿਕਲੇ। ਇਹ ਦੇਖ ਕੇ ਦੁਕਾਨਦਾਰਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪੀੜਤ ਦੁਕਾਨਦਾਰਾਂ ਨੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਦਿੱਤੀ।