ਕਰਮਜੀਤ ਸਿੰਘ ਚਿੱਲਾ
ਬਨੂੜ, 16 ਫਰਵਰੀ
ਥਾਣਾ ਬਨੂੜ ਦੀ ਪੁਲੀਸ ਨੇ 14 ਫਰਵਰੀ ਨੂੰ ਬਨੂੜ ਦੇ ਕਾਂਗਰਸੀ ਕਾਰਕੁਨ ਹਰਜੋਤ ਸਿੰਘ ਦੇ ਫ਼ਾਰਮਹਾਊਸ ਵਿੱਚ ਗੋਲੀਆਂ ਚਲਾਉਣ ਅਤੇ ਗੱਡੀ ਦੀ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਯੂਥ ਕਾਂਗਰਸ ਬਨੂੜ ਸ਼ਹਿਰੀ ਦੇ ਪ੍ਰਧਾਨ ਰਾਹੁਲ ਜੋਸ਼ੀ, ਅਜੈ ਕੁਮਾਰ ਡੱਬੂ ਅਤੇ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਰਮਜ਼ ਐਕਟ ਅਤੇ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲੀਸ ਨੇ ਬਨੂੜ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਚ ਸ਼ਹਿਰ ਦੇ ਵਸਨੀਕਾਂ ਦੀ ਹੋਈ ਭਰਵੀਂ ਇਕੱਤਰਤਾ ਵੱਲੋਂ ਪੁਲੀਸ ਖ਼ਿਲਾਫ਼ ਪ੍ਰਦਰਸ਼ਨ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਪਹਿਲਾਂ ਦਰਜ ਐਫ਼ਆਈਆਰ ਵਿੱਚ ਨਵੀਂਆਂ ਧਾਰਾਵਾਂ ਜੋੜੀਆਂ ਹਨ।
ਪੀੜਤ ਹਰਜੋਤ ਸਿੰਘ ਨੇ ਪੁਲੀਸ ਕੋਲ ਦਰਜ ਬਿਆਨਾਂ ਵਿੱਚ ਕਿਹਾ ਸੀ ਕਿ 14 ਫ਼ਰਵਰੀ ਦੀ ਸ਼ਾਮ ਨੂੰ ਉਨ੍ਹਾਂ ਦੇ ਲਾਂਡਰਾਂ ਰੋਡ ਉੱਤੇ ਸਥਿਤ ਫ਼ਾਰਮ ਹਾਊਸ ਵਿੱਚ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਹੁਲ ਜੋਸ਼ੀ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਅੰਨੇਵਾਹ ਫ਼ਾਇਰਿੰਗ ਕੀਤੀ ਸੀ। ਪੁਲੀਸ ਵੱਲੋਂ ਉਸੇ ਦਿਨ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਪੀੜਤ ਧਿਰ ਨੇ ਮੁਲਜ਼ਮਾਂ ਖ਼ਿਲਾਫ਼ ਘੱਟ ਧਾਰਾਵਾਂ ਤਹਿਤ ਪਰਚਾ ਦਰਜ ਹੋਣ ਦੇ ਰੋਸ ਵਜੋਂ ਅੱਜ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਸ਼ਹਿਰ ਵਾਸੀਆਂ ਦੀ ਇਕੱਤਰਤਾ ਬੁਲਾਈ ਸੀ। ਲੋਕਾਂ ਵੱਲੋਂ ਜਾਮ ਲਾਉਣ ਦੀ ਚਿਤਾਵਨੀ ਦੀ ਸੂਹ ਮਿਲਦਿਆਂ ਹੀ ਸਬੰਧਤ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਾਮ ਕਿਸ਼ਨ ਅਤੇ ਬਲਜਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਪੀੜਤ ਪਰਿਵਾਰ ਨੂੰ ਧਾਰਾਵਾਂ ਵਿੱਚ ਵਾਧਾ ਕਰਵਾ ਕੇ ਸਾਂਤ ਕਰਵਾਇਆ। ਜਾਂਚ ਅਧਿਕਾਰੀ ਨੇ ਰਾਹੁਲ ਜੋਸ਼ੀ ਅਤੇ ਹੋਰਨਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।
ਰਾਹੁਲ ਜੋਸ਼ੀ ਨੇ ਖੁਦ ਨੂੰ ਬੇਕਸੂਰ ਦੱਸਿਆ
ਯੂਥ ਕਾਂਗਰਸ ਬਨੂੜ ਸ਼ਹਿਰੀ ਦੇ ਪ੍ਰਧਾਨ ਰਾਹੁਲ ਜੋਸ਼ੀ ਨੇ ਗੋਲੀਬਾਰੀ ਮਾਮਲੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਉਹ ਚੋਣਾਂ ਮਗਰੋਂ ਆਪਣੇ ਘਰ ਆ ਗਏ ਸਨ ਤੇ ਦੁਬਾਰਾ ਘਰੋਂ ਬਾਹਰ ਨਹੀਂ ਗਏ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ।