ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 28 ਜੂਨ
ਭਬਾਤ ਖੇਤਰ ਵਿੱਚ ਪੈਂਦੇ ਸ਼ਿਵਾ ਐਨਕਲੇਵ ਵਿੱਚ ਅੱਜ ਦੇਰ ਸ਼ਾਮ ਕਾਰ ਵਿੱਚ ਆਏ ਪੰਜ ਹਮਲਾਵਰਾਂ ਨੇ ਬਾਊਂਸਰ ’ਤੇ ਜਾਨ ਲੇਵਾ ਹਮਲਾ ਕਰਦਿਆਂ ਫਾਇਰਿੰਗ ਕਰ ਦਿੱਤੀ। ਹਮਲੇ ਵਿੱਚ ਬਾਊਂਸਰ ਅਭਿਸ਼ੇਕ ਵਾਲ-ਵਾਲ ਬਚ ਗਿਆ। ਬਦਮਾਸ਼ਾਂ ਨੇ ਬਾਊਂਸਰ ’ਤੇ ਦੋ ਫਾਇਰ ਕੀਤੇ। ਸ਼ਿਕਾਇਤਕਰਤਾ ਅਭਿਸ਼ੇਕ ਖੈਰਵਾਲ ਵਾਸੀ ਸ਼ਿਵਾ ਐਨਕਲੇਵ ਨੇ ਦੱਸਿਆ ਕਿ ਉਹ ਇਥੇ ਆਪਣੀ ਪਤਨੀ ਅਤੇ ਮਾਂ ਨਾਲ ਰਹਿੰਦਾ ਹੈ। ਉਹ ਬਾਊਂਸਰ ਹੈ ਪਰ ਚਾਰ ਮਹੀਨੇ ਪਹਿਲਾਂ ਉਸ ਨੇ ਆਪਣੇ ਵਿਆਹ ਤੋਂ ਬਾਅਦ ਇਹ ਕੰਮ ਛੱਡ ਦਿੱਤਾ ਹੈ।
ਅੱਜ ਸ਼ਾਮ ਚਾਰ ਵਜੇ ਉਹ ਆਪਣੀ ਪਤਨੀ ਨਾਲ ਘਰ ਆਇਆ ਸੀ। ਪਤਨੀ ਨੂੰ ਘਰ ਛੱਡ ਕੇ ਉਹ ਨੇੜੇ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਪੌੜੀਆਂ ’ਤੇ ਬੈਠ ਗਿਆ। ਕਰੀਬ ਸਾਢੇ ਚਾਰ ਵਜੇ ਕਾਰ ਵਿੱਚ ਆਏ ਪੰਜ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਕਿਹਾ ਕਿ ਉਸ ਨੇ ਸੰਨੀ ਅਬੋਹਰ ਦੇ 2700 ਰੁਪਏ ਦੇਣੇ ਹਨ ਜੋ ਉਹ ਨਹੀਂ ਦੇ ਰਿਹਾ। ਅਭਿਸ਼ੇਕ ਨੇ ਕਿਹਾ ਕਿ ਉਸ ਨੇ ਕਿਸੇ ਦੇ ਕੋਈ ਪੈਸੇ ਨਹੀਂ ਦੇਣੇ। ਬਦਮਾਸ਼ਾਂ ਨੇ ਉਸ ਨੂੰ ਗੱਡੀ ਵਿੱਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਭਿਸ਼ੇਕ ਨੇ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਵੜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਬਦਮਾਸ਼ਾਂ ਨੇ ਉਸ ’ਤੇ ਦੋ ਫਾਇਰ ਕੀਤੇ ਜੋ ਦਫਤਰ ਦੇ ਬਾਹਰ ਸ਼ੀਸ਼ੇ ’ਤੇ ਲੱਗੇ। ਰੌਲਾ ਪੈਣ ’ਤੇ ਹਮਲਾਵਰ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਿਸ ਕਾਰ ਵਿੱਚ ਬਦਮਾਸ਼ ਆਏ ਸਨ, ਉਸ ’ਤੇ ਅੱਗੇ ਅਤੇ ਪਿੱਛੇ ਦੋ ਵੱਖ ਵੱਖ ਨੰਬਰ ਲੱਗੇ ਸਨ।
ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ
ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਉਹ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਮਲਾਵਰਾਂ ਦਾ ਸੁਰਾਗ਼ ਲਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।