ਪੱਤਰ ਪ੍ਰੇਰਕ
ਕੁਰਾਲੀ, 18 ਅਕਤੂਬਰ
ਮਹਾਂਰਿਸ਼ੀ ਵਾਲਮੀਕਿ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਸਜਾਈ ਗਈ। ਵਾਲਮੀਕਿ ਸਭਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਜਾਈ ਇਸ ਸ਼ੋਭਾ ਯਾਤਰਾ ਦੌਰਾਨ ਭਗਵਾਨ ਵਾਲਮੀਕਿ ਦੇ ਜੀਵਨ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸ਼ੋਭਾ ਯਾਤਰਾ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਕੀਤਾ। ਵਾਰਡ ਨੰਬਰ 13 ਦੇ ਵਾਲਮੀਕਿ ਮੰਦਰ ਵਿੱਚੋਂ ਸ਼ੁਰੂ ਹੋ ਕੇ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਮਾਰਗਾਂ ਤੋਂ ਹੁੰਦੀ ਹੋਈ ਮੁੜ ਮੰਦਰ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਹੈਪੀ ਧੀਮਾਨ, ਜੈ ਸਿੰਘ ਚੱਕਲਾਂ, ਅਸ਼ੀਸ਼ ਕੌਸ਼ਲ, ਚਮਨ ਲਾਲ ਤੇ ਓਮਿੰਦਰ ਓਮਾ ਹਾਜ਼ਰ ਸਨ।