ਸਰਬਜੀਤ ਸਿੰਘ ਭੱਟੀ
ਲਾਲੜੂ, 22 ਸਤੰਬਰ
ਇਥੋਂ ਨਜ਼ਦੀਕੀ ਪਿੰਡ ਬਸੌਲੀ ਵਿਖੇ ਬੀਤੀ ਰਾਤ ਤੇਜ਼ ਮੀਂਹ, ਤੁੂਫਾਨ ਤੇ ਬਿਜਲੀ ਡਿੱਗਣ ਦੇ ਚਲਦੇ ਨਿਰਮਾਣ ਅਧੀਨ ਰਾਈਸ ਮਿੱਲ ਦਾ ਸ਼ੈਡ ਡਿੱਗਣ ਗਿਆ ਜਿਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਪੁਲੀਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਤੇਜ਼ ਬਾਰਸ਼ ਅਤੇ ਤੁੂਫਾਨ ਕਾਰਨ ਬਸੌਲੀ-ਰਾਣੀਮਾਜਰਾ ਲਿੰਕ ਸੜਕ ’ਤੇ ਸਥਿਤ ਇਕ ਨਵੇਂ ਬਣ ਰਹੇ ਸਵਾਸਤਿਕ ਸ਼ੈਲਰ ਮਿੱਲ ’ਤੇ ਅਚਾਨਕ ਬਿਜਲੀ ਡਿੱਗਣ ਕਾਰਨ ਇਕ ਵੱਡਾ ਧਮਾਕਾ ਹੋਇਆ ਜਿਸ ਦੇ ਚਲਦੇ ਸ਼ੈਲਰ ਮਿੱਲ ਦੇ ਸ਼ੈੱਡ ਦੇ ਪਰਖੱਚੇ ਉਡ ਗਏ ਅਤੇ ਇਕ ਮਜ਼ਦੂਰ ਦੀ ਸ਼ੈੱਡ ਵਿੱਚ ਫਸ ਜਾਣ ਕਾਰਨ ਮੌਤ ਹੋ ਗਈ ਅਤੇ ਤਿੰਨ ਮਜ਼ਦੂਰ ਗੰਭੀਰ ਫੱਟੜ ਹੋ ਗਏ। ਸ਼ੈੱਡ ਵਿੱਚ ਕੰਮ ਕਰ ਰਹੇ ਮਜ਼ਦੂਰ ਮਹਾਂਵੀਰ ਅਤੇ ਬਲਵੰਤ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਰੀਬ 30 ਤੋਂ 40 ਮਜ਼ਦੂਰ ਉਥੇ ਕੰਮ ਕਰ ਰਹੇ ਸਨ, ਤੇਜ਼ ਬਾਰਸ਼ ਵਿੱਚ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਸਾਰੇ ਮਜ਼ਦੂਰ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਣ ਲੱਗੇ। ਇਸ ਦੌਰਾਨ ਮੌਕੇ ’ਤੇ ਹੀ ਇਕ ਮਜ਼ਦੂਰ ਦੀ ਮੌਤ ਹੋ ਗਈ। ਲੋਕਾਂ ਅਤੇ ਕਰੇਨ ਦੀ ਮਦਦ ਨਾਲ ਮ੍ਰਿਤਕ ਮਜ਼ਦੂਰ ਦੀ ਲਾਸ਼ ਮਲਬਾ ਹਟਾ ਕੇ ਕੱਢੀ ਗਈ। ਮ੍ਰਿਤਕ ਦੀ ਪਛਾਣ ਰਿਸ਼ੀ ਪਾਲ (35) ਪੁੱਤਰ ਨੇਤ ਰਾਮ ਨਿਵਾਸੀ ਯੂ.ਪੀ. ਹਾਲ ਵਾਸੀ ਬਸੌਲੀ ਵਜੋਂ ਹੋਈ ਹੈ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ, ਡੇਰਾਬਸੀ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ੈਲਰ ਮਿੱਲ ਦੇ ਨਿਰਮਾਣ ਵਿੱਚ ਘੱਟਿਆ ਤੇ ਗੈਰ ਮਿਆਰੀ ਸਮੱਗਰੀ ਵਰਤੇ ਜਾਣ ਕਾਰਨ, ਇਹ ਹਾਦਸਾ ਵਾਪਰਿਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੁੱਝ ਹੀ ਮਿੰਟਾਂ ’ਚ ਸਾਰਾ ਸ਼ੈੱਡ ਢਹਿ‘ਢੇਰੀ ਹੋ ਗਿਆ। ਲੋਕਾਂ ਨੇ ਸ਼ੈੱਡ ਵਿੱਚ ਵਰਤੀ ਜਾ ਰਹੀ ਨਿਰਮਾਣ ਸਮੱਗਰੀ ਦੀ ਜਾਂਚ ਦੀ ਮੰਗ ਕੀਤੀ ਹੈ।
ਰਾਈਸ਼ ਮਿੱਲ ਦੇ ਮਾਲਕ ਨਵਦੀਪ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਉਪਰੰਤ ਫੋਨ ਆਇਆ ਕਿ ਤੇਜ਼ ਬਾਰਸ਼ ਕਾਰਨ ਸ਼ੈੱਡ ਡਿੱਗਿਆ ਹੈ ਅਤੇ ਇਕ ਮਜ਼ਦੂਰ ਉਸ ਵਿੱਚ ਫਸ ਗਿਆ ਹੈ, ਉਹ ਤੁਰੰਤ ਮੌਕੇ ਤੇ ਪੁੱਜੇ ਅਤੇ ਫਸੇ ਹੋਏ ਜ਼ਖਮੀ ਮਜ਼ਦੂਰ ਨੂੰ ਸਿਵਲ ਹਸਪਤਾਲ ਡੇਰਾਬਸੀ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੁੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾ ਕਿਹਾ ਕਿ ਅਜੇ ਮਿੱਲ ਨਿਰਮਾਣ ਅਧੀਨ ਸੀ, ਜਿਸ ਲਈ ਕਰੋੜਾਂ ਰੁਪਏ ਦੀ ਨਵੀਂ ਮਸ਼ੀਨਰੀ ਲਿਆਂਦੀ ਗਈ ਹੈ ਤੇ ਨਿਰਮਾਣ ਕਾਰਜ ਕਰਵਾਏ ਜਾ ਰਹੇ ਸਨ। ਤੇਜ਼ ਬਾਰਸ਼ ਤੇ ਤੁੂਫਾਨ ਨੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਕੀਤਾ ਹੈ। ਮੌਕੇ ’ਤੇ ਪੁੱਜੇ ਹੰਡੇਸਰਾ ਪੁਲੀਸ ਦੇ ਐਸ.ਐਚ.ਓ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ, ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।