ਮਿਹਰ ਸਿੰਘ
ਕੁਰਾਲੀ, 25 ਅਕਤੂਬਰ
ਸ਼ਹਿਰ ਦੀ ਹੱਦ ਅੰਦਰ ਰੂਪਨਗਰ ਰੋਡ ਉੱਤੇ ਸਥਿਤ ਸ਼ੈੱਲਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪਟਾਕਿਆਂ ਦੀ ਚੰਗਿਆੜੀ ਡਿੱਗਣ ਕਾਰਨ ਲੱਗੀ ਅੱਗ ਕਾਰਨ ਕਰੀਬ 30 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਇਮਾਰਤ ਨੂੰ ਵੀ ਕਾਫੀ ਨੁਕਸਾਨ ਪੁੱਜਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਇਸ ਸਬੰਧੀ ਲਕਸ਼ਮੀ ਰਾਈਸ ਮਿੱਲ ਦੇ ਮਾਲਕ ਵਿਜੇਪਾਲ ਬਾਂਸਲ ਨੇ ਦੱਸਿਆ ਕਿ ਉਹ ਰਾਤ ਸਮੇਂ ਦੀਵਾਲੀ ਕਾਰਨ ਸ਼ੈੱਲਰ ਵਿੱਚ ਮੱਥਾ ਟੇਕ ਕੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ੈੱਲਰ ’ਚ ਮੌਜੂਦ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਕਰੀਬ ਡੇਢ ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਦੀਆਂ ਲਪਟਾਂ ਦੇਖਦਿਆਂ ਹੀ ਫਾਇਰ ਬ੍ਰਿਗੇਡ ਨੂੰ ਫੋਨ ’ਤੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਪਹਿਲਾਂ ਕੁਰਾਲੀ ’ਚ ਖੜ੍ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਅੱਗ ਸ਼ੈੱਲਰ ਵਿੱਚ ਪਏ ਬਾਰਦਾਨੇ ਨੂੰ ਪੈ ਗਈ ਅਤੇ ਕੁਝ ਸਮੇਂ ਵਿੱਚ ਭਾਂਬੜ ਮੱਚ ਗਏ। ਸਥਿਤੀ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਸੱਦੀਆਂ ਗਈਆਂ। ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਕੁਝ ਸਮੇਂ ਵਿੱਚ ਹੀ ਪੁੱਜ ਗਈਆਂ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸ਼ੈੱਲਰ ਵਿੱਚ ਪਿਆ ਕਰੀਬ 30 ਲੱਖ ਰੁਪਏ ਦੀ ਕੀਮਤ ਵਾਲਾ ਬਾਰਦਾਨਾ ਸੜ ਕੇ ਰਾਖ ਹੋ ਚੁੱਕਾ ਸੀ। ਇਸ ਤੋਂ ਇਲਾਵਾ ਸ਼ੈੱਲਰ ਦੀ ਇਮਾਰਤ ਦਾ ਵੀ ਕਾਫ਼ੀ ਨੁਕਸਾਨ ਹੋਇਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨ ’ਚ ਅੱਗ ਲੱਗੀ, ਲੱਖਾਂ ਦਾ ਸਾਮਾਨ ਸੜਿਆ
ਨੂਰਪੁਰ ਬੇਦੀ (ਬਲਵਿੰਦਰ ਰੈਤ): ਇੱਥੋਂ 13 ਕਿਲੋਮੀਟਰ ਦੂਰ ਕਾਹਨਪੁਰ ਖੂਹੀ ਬੱਸ ਸਟੈਂਡ ’ਤੇ ਸਥਿਤ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਨੂੰ ਲੰਘੀ ਰਾਤ ਅੱਗ ਲੱਗ ਗਈ ਅਤੇ ਦੁਕਾਨ ਵਿੱਚ ਪਿਆ ਸਾਢੇ ਚਾਰ ਲੱਖ ਰੁਪਏ ਦਾ ਸਾਮਾਨ ਸੜ ਗਿਆ। ਦੁਕਾਨ ਦੇ ਮਾਲਕ ਜਸਵੀਰ ਸਿੰਘ ਵਾਸੀ ਸਮੂੰਦੜੀਆਂ ਨੇ ਦੱਸਿਆ ਕਿ ਜਦੋਂ ਉਹ ਰਾਤ ਦੀਵਾਲੀ ਮੌਕੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤਾਂ ਉਸ ਦੇ ਪਿੱਛੇ ਉਸ ਦੀ ਦੁਕਾਨ ਵਿੱਚ ਅੱਗ ਲੱਗ ਗਈ। ਇਸ ਸਬੰਧੀ ਉਸ ਨੂੰ ਦੁਕਾਨਦਾਰ ਅਜੇ ਕੁਮਾਰ ਨੇ ਸੂਚਿਤ ਕੀਤਾ। ਦੁਕਾਨਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ਵਿੱਚ ਖੜ੍ਹੇ ਕੀਤੇ ਤਿੰਨ ਮੋਟਰਸਾਈਕਲ ਅਤੇ ਐਕਟਿਵਾ ਜੂਪੀਟਰ ਜੋ ਠੀਕ ਕਰਨ ਲਈ ਆਏ ਸਨ, ਸਪੇਅਰ ਪਾਰਟ ਅਤੇ ਕੁਝ ਟਾਇਰ ਜਿਨ੍ਹਾਂ ਦੀ ਕੀਮਤ ਲੱਗਪੱਗ ਸਾਢੇ ਚਾਰ ਲੱਖ ਦੇ ਕਰੀਬ ਬਣਦੀ ਹੈ, ਅੱਗ ਦੀ ਭੇਟ ਚੜ੍ਹ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ।
ਟਰੱਕ ਨੂੰ ਅੱਗ ਲੱਗੀ
ਚੰਡੀਗੜ੍ਹ: ਸਥਾਨਕ ਸੈਕਟਰ-26 ਵਿੱਚ ਸਥਿਤ ਟਰਾਂਸਪੋਰਟ ਏਰੀਆ ਵਿੱਚ ਮੰਗਲਵਾਰ ਸਵੇਰੇ ਖੜ੍ਹੇ ਟਰੱਕ ਨੂੰ ਅੱਗ ਲੱਗ ਗਈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਫਾਈਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਟਰੱਕ ਵਿੱਚ ਦਵਾਈਆਂ ਅਤੇ ਹਾਰਡਵੇਅਰ ਦਾ ਸਾਮਾਨ ਪਿਆ ਸੀ ਜਿਸ ਨੂੰ ਦਿੱਲੀ ਭੇਜਣਾ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਰਕੇ ਟਰੱਕ ਵਿੱਚ ਪਿਆ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।