ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਇਥੋਂ ਦੇ ਸੈਕਟਰ 23 ਦੀ ਰੇਹੜੀ ਮਾਰਕੀਟ ਦੇ ਸ਼ੈੱਡਾਂ ਦੇ ਵਧਾਏ ਗਏ ਕਈਂ ਗੁਣਾਂ ਕਿਰਾਏ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਸਬੰਧੀ ਚੰਡੀਗੜ੍ਹ ਭਾਜਪਾ ਪ੍ਰਧਾਨ ਅਤੇ ਨਿਗਮ ਕੌਂਸਲਰ ਅਰੁਣ ਸੂਦ ਨੇ ਮਾਰਕੀਟ ਦੇ ਦੁਕਾਨਦਾਰਾਂ ਭਰੋਸਾ ਦਿੱਤਾ ਹੈ।
ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਅੱਜ ਸੈਕਟਰ 23 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵਲੋਂ ਵਧਾਏ ਗਏ ਕਿਰਾਏ ਨੂੰ ਲੈ ਕੇ ਨਿਗਮ ਹਾਊਸ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਇੱਕ ਕਮੇਟੀ ਬਣਾ ਕੇ ਕਿਰਾਏ ਨੂੰ ਸੋਧ ਕੇ ਘੱਟ ਕੀਤਾ ਜਾਵੇਗਾ। ਦੂਜੇ ਪਾਸੇ ਮਾਰਕੀਟ ਦੇ ਦੁਕਾਨਦਾਰਾਂ ਨੇ ਸ੍ਰੀ ਸੂਦ ਨੂੰ ਕਿਹਾ ਕਿ ਨਗਰ ਨਿਗਮ ਇਨ੍ਹਾਂ ਸ਼ੈੱਡਾਂ ਦੇ ਕਿਰਾਏ ਦੀ ਬਜਾਏ ਇੱਕਮੁਸ਼ਤ ਮੁੱਲ ਨਿਰਧਾਰਿਤ ਕਰਕੇ ਕੀਮਤ ਤੈਅ ਕਰੇ।
ਦੁਕਾਨਦਾਰਾਂ ਦੀ ਐਸੋਸੀਏਸ਼ਨ ਦੇ ਚੇਅਰਮੈਨ ਜਗਮੋਹਨ ਵਿੱਜ ਨੇ ਕਿਹਾ ਕਿ ਸ਼ਹਿਰ ਦੀਆਂ ਹੋਰ ਸਾਰੀਆਂ ਬੂਥ ਮਾਰਕੀਟਾਂ ਵਿੱਚ ਦੁਕਾਨਾਂ ਦੀ ਇੱਕਮੁਸ਼ਤ ਕੀਮਤ ਤੈਅ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਸੈਕਟਰ 23 ਸੀ ਦੀ ਮਾਰਕੀਟ ਵਿੱਚ ਸਥਿਤ ਇਹ ਰੇਹੜੀ ਮਾਰਕੀਟ ਤੋਂ 1972 ਚੱਲ ਰਹੀ ਹੈ। ਮਾਰਕੀਟ ਵਿੱਚ ਬਣੇ ਸ਼ੈੱਡਾਂ ਦਾ ਕਿਰਾਇਆ 14 ਰੁਪਏ ਪ੍ਰਤੀ ਮਹੀਨਾ ਸੀ ਪਰ ਲੰਘੇ ਦੋ ਮਹੀਨੇ ਪਹਿਲਾਂ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੇ ਇਨ੍ਹਾਂ ਸ਼ੈਡਾਂ ਦਾ ਕਿਰਾਇਆ 20600 ਰੁਪਏ ਕਰ ਦਿੱਤਾ ਸੀ ਜਿਸ ਤੋਂ ਦੁਕਾਨਦਾਰ ਪ੍ਰੇਸ਼ਾਨ ਚਲ ਰਹੇ ਹਨ। ਨਗਰ ਨਿਗਮ ਨੇ ਇਸ ਵਧਾਏ ਗਏ ਕਿਰਾਏ ਨੂੰ ਵਸੂਲਣ ਲਈ ਪਿਛਲੇ ਦਿਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਦੇ ਦੌਰ ਵਿੱਚ ਉਹ ਪਹਿਲਾਂ ਹੀ ਮੰਡੀ ਦੀ ਮਾਰ ਹੇਠ ਹਨ ਅਤੇ ਹੁਣ ਨਿਗਮ ਨੇ ਕਈ ਹਜ਼ਾਰ ਗੁਣਾ ਕਿਰਾਇਆ ਵਧਾ ਕੇ ਉਨ੍ਹਾਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਮਾਰਕੀਟ ਦੇ ਦੌਰੇ ਦੌਰਾਨ ਕੌਂਸਲਰ ਸੁਨੀਤਾ ਧਵਨ ਅਤੇ ਸਾਬਕਾ ਮੇਅਰ ਆਸ਼ਾ ਜੈਸਵਾਲ ਵੀ ਮੌਜੂਦ ਸਨ।