ਹਰਜੀਤ ਸਿੰਘ
ਜ਼ੀਰਕਪੁਰ, 12 ਅਪਰੈਲ
ਜ਼ੀਰਕਪੁਰ-ਪਟਿਆਲਾ ਹਾਈਵੇਅ ’ਤੇ ਸਥਿਤ ਪਿੰਡ ਰਾਮਪੁਰਾ ਕਲਾਂ ਵਿਖੇ ਲੋਹੇ ਦਾ ਸ਼ੈੱਡ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਅਤੇ ਪੰਜ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਉਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਮੁਹਾਲੀ ਹਰਬੰਸ ਸਿੰਘ ਨੇ ਆਪਣੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਐਸਡੀਐਮ ਨੇ ਜ਼ਮੀਨ ਦੇ ਮਾਲਕ ਗੁਰਜੀਤ ਸਿੰਘ ਕੋਹਲੀ (ਪਟਿਆਲਾ ਸ਼ਹਿਰੀ ਤੋਂ ‘ਆਪ’ ਪਾਰਟੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਭਰਾ), ਠੇਕੇਦਾਰ ਪ੍ਰੇਮ ਸਿੰਘ ਅਤੇ ਗਮਾਡਾ ਦੇ ਸਬੰਧਤ ਅਧਿਕਾਰੀਆਂ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਰੀਬ ਡੇਢ ਏਕੜ ਥਾਂ ‘ਤੇ ਸ਼ੈੱਡ ਬਣਾਉਣ ਲਈ ਗਮਾਡਾ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ, ਕੋਈ ਬਿਲਡਿੰਗ ਪਲਾਨ ਮਨਜ਼ੂਰ ਨਹੀਂ ਕਰਵਾਇਆ ਗਿਆ ਅਤੇ ਸ਼ੈੱਡ ਲਈ ਕੋਈ ਚੇਂਜ ਆਫ ਲੈਂਡ ਯੂਜ਼ ਨਹੀਂ ਕਰਵਾਇਆ ਗਿਆ ਸੀ। ਐਸਡੀਐਮ ਨੇ ਰਿਪੋਰਟ ਵਿੱਚ ਕਿਹਾ ਕਿ ਇਹ ਠੇਕਾ ਠੇਕੇਦਾਰ ਪ੍ਰੇਮ ਸਿੰਘ ਨੂੰ ਦਿੱਤਾ ਗਿਆ ਸੀ, ਪਰ ਸ਼ੈੱਡ ਬਣਾਉਣ ਦੀ ਪ੍ਰਵਾਨਗੀ ਲੈਣੀ ਮਾਲਕ ਦੀ ਡਿਊਟੀ ਸੀ। ਇੱਥੋਂ ਤੱਕ ਕਿ ਠੇਕੇਦਾਰ ਰਜਿਸਟਰਡ ਤੱਕ ਨਹੀਂ ਸੀ ਅਤੇ ਉਸ ਵਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। 30 ਮਾਰਚ ਨੂੰ ਗਮਾਡਾ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਮਜ਼ਦੂਰਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਗਮਾਡਾ ਅਧਿਕਾਰੀ ਸਮੇਂ ਰਹਿੰਦੇ ਕਾਰਵਾਈ ਅਮਲ ਵਿੱਚ ਲਿਆਂਦਾ ਤਾਂ ਦੋ ਔਰਤਾਂ ਦੀ ਜਾਨ ਬਚ ਸਕਦੀ ਸੀ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਉਨ੍ਹਾਂ ਵਲੋਂ ਹਾਲੇ ਰਿਪੋਰਟ ਵਾਚਣੀ ਹੈ ਤੇ ਰਿਪੋਰਟ ਦੀ ਘੋਖ ਕਰਨ ਤੋਂ ਬਾਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ।