ਸਰਬਜੀਤ ਸਿੰਘ ਭੱਟੀ
ਲਾਲੜੂ, 7 ਸਤੰਬਰ
ਲਾਲੜੂ ਸ਼ਹਿਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਪਾਈਪਾਂ ਜ਼ਮੀਨ ਵਿੱਚ ਦੱਬਣ ਦੇ ਬਾਵਜੂਦ ਵੀ ਸੀਵਰੇਜ ਸਿਸਟਮ ਨਹੀਂ ਚੱਲਿਆ। ਘਰਾਂ ਦਾ ਗੰਦਾ ਪਾਣੀ ਲਾਲੜੂ ਦੇ ਫ਼ੌਜੀ ਮੈਦਾਨ ’ਚ ਛੱਪੜ ਦਾ ਰੂਪ ਧਾਰ ਕਰ ਗਿਆ ਹੈ, ਜਿਸ ਕਾਰਨ ਮੱਖੀਆਂ, ਮੱਛਰਾਂ ਦੀ ਤਦਾਦ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਥਾਂ-ਥਾਂ ਗੰਦੇ ਤੇ ਦੂਸ਼ਿਤ ਪਾਣੀ ਦੇ ਛੱਪੜਾਂ ਨੇ ਸ਼ਹਿਰ ਨਿਵਾਸੀਆ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਲਾਲੜੂ ਸ਼ਹਿਰ ਵਿੱਚ 2012 ਅੰਦਰ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਛੇ ਸਾਲ ਬੀਤ ਜਾਣ ਤੋਂ ਬਾਅਦ ਸੀਵਰੇਜ ਸਿਸਟਮ ਚਿੱਟਾ ਹਾਥੀ ਬਣਿਆ ਹੋਇਆ ਹੈ ਅਤੇ ਅੱਜ ਵੀ ਦੂਸ਼ਿਤ ਪਾਣੀ ਖਾਲੀ ਪਲਾਟਾਂ ਤੇ ਧਰਮਗੜ੍ਹ ਰੋਡ ਤੇ ਸਥਿਤ ਫੌਜੀ ਮੈਦਾਨ ਵਿੱਚ ਖੜ੍ਹਾ ਹੈ, ਜਿਸ ਕਾਰਨ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸੀਪੀਆਈ ਦੇ ਆਗੂ ਵਿਨੋਦ ਚੁੱਗ ਨੇ ਦੱਸਿਆ ਕਿ ਉਨ੍ਹਾਂ ਅਨੇਕਾਂ ਵਾਰ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਨੂੰ ਸ਼ਿਕਾਇਤ ਕੀਤੀ ਪਰ ਮਸਲੇ ਦਾ ਹੱਲ ਨਹੀਂ ਹੋਇਆ। ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲਾਲੜੂ ਸ਼ਹਿਰ ਦਾ ਸੀਵਰੇਜ ਸਿਸਟਮ ਚਾਲੂ ਕਰਵਾਇਆ ਜਾਵੇ ਤੇ ਗੰਦੇ ਪਾਣੀ ਨਾਲ ਭਰੇ ਛੱਪੜ ਤੁਰੰਤ ਸਾਫ਼ ਕਰਵਾਏ ਜਾਣ। ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਫੰਡਾਂ ਦੀ ਘਾਟ ਕਾਰਨ ਕੰਮਾਂ ਵਿੱਚ ਰੁਕਾਵਟ ਆਈ ਸੀ, ਹੁਣ ਵਿਕਾਸ ਦੇ ਕੰਮ ਸ਼ੁਰੂ ਹੋ ਚੁੱਕੇ ਹਨ, ਛੇਤੀ ਹੀ ਫੌਜੀ ਮੈਦਾਨ ਦੇ ਗੰਦੇ ਪਾਣੀ ਦਾ ਵੀ ਹੱਲ ਕਰ ਲਿਆ ਜਾਵੇਗਾ।