ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੂਨ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਜਿਸ ਕਰ ਕੇ ਸਿੱਖਿਆ ਵਿਭਾਗ ਵੱਲੋਂ ਸੱਤ ਨਵੇਂ ਸਕੂਲ ਬਣਾਏ ਜਾਣਗੇ। ਵਿਭਾਗ ਵੱਲੋਂ ਇਹ ਸਕੂਲ ਪੈਰੀਫੇਰੀ ਖੇਤਰਾਂ ਵਿੱਚ ਬਣਾਏ ਜਾਣਗੇ ਜਿਸ ਲਈ ਵਿਭਾਗ ਨੇ ਖੇਤਰਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਹੈ।
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਚੰਡੀਗੜ੍ਹ ਦੀ ਵੱਸੋਂ ਵਧ ਰਹੀ ਹੈ ਅਤੇ ਕਰੋਨਾ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦਾ ਰੁਖ਼ ਕੀਤਾ ਹੈ ਜਿਸ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਕਰੋਨਾ ਤੋਂ ਬਾਅਦ ਕਰੀਬ 18 ਹਜ਼ਾਰ ਵਿਦਿਆਰਥੀ ਵਧੇ ਹਨ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਕੂਲਾਂ ਦੀ ਮੰਗ ਵਧਣ ਬਾਰੇ ਚਰਚਾ ਕੀਤੀ ਗਈ ਸੀ ਤੇ ਉੱਚ ਅਧਿਕਾਰੀਆਂ ਨੇ ਹੋਰ ਸਕੂਲ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਪਹਿਲ ਦੇ ਆਧਾਰ ’ਤੇ ਬਣਾਏ ਜਾਣਗੇ। ਇਹ ਸਕੂਲ ਹੱਲੋਮਾਜਰਾ, ਮੌਲੀ ਜੱਗਰਾਂ, ਮਲੋਆ, ਖੁੱਡਾ ਅਲੀ ਸ਼ੇਰ, ਧਨਾਸ, ਮਨੀਮਾਜਰਾ ਤੇ ਕਰਸਾਨ ਆਦਿ ਵਿੱਚ ਬਣਾਏ ਜਾਣਗੇ ਪਰ ਇਨ੍ਹਾਂ ਖੇਤਰਾਂ ਵਿੱਚ ਅਜੇ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਹੈ। ਇਸ ਵੇਲੇ ਚੰਡੀਗੜ੍ਹ ਵਿੱਚ 116 ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚੋਂ 43 ਸੀਨੀਅਰ ਸੈਕੰਡਰੀ ਸਕੂਲ, 53 ਹਾਈ, 12 ਮਿਡਲ ਤੇ ਅੱਠ ਪ੍ਰਾਇਮਰੀ ਸਕੂਲ ਹਨ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਥੋਂ ਦੇ ਕਈ ਸਕੂਲਾਂ ਵਿੱਚ ਇਕ-ਇਕ ਕਲਾਸ ਦੇ ਇਕ ਸੈਕਸ਼ਨ ਵਿੱਚ 80 ਦੇ ਕਰੀਬ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਦਕਿ ਨਿਯਮਾਂ ਤਹਿਤ ਇਕ ਸੈਕਸ਼ਨ ਵਿੱਚ 40 ਵਿਦਿਆਰਥੀ ਹੀ ਸਿੱਖਿਆ ਲੈ ਸਕਦੇ ਹਨ।